ਫਗਵਾੜਾ 1 ਜੁਲਾਈ (ਸ਼ਿਵ ਕੋੜਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਸ਼ਾਖਾ ਵਲੋਂ 40ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਨਿਉ ਮੰਡੀ ਰੋਡ ਸਥਿਤ ਦਫਤਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਐਸ.ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਨੇ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਕੋਵਿਡ-19 ਕੋਰੋਨਾ ਮਹਾਮਾਰੀ ਦੇ ਦੌਰ ਵਿਚ ਗਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕਰਨਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਅਜਿਹੇ ਨੇਕ ਕਾਰਜ ਕਰਨ ਵਾਲਿਆਂ ਉੱਪਰ ਪਰਮਾਤਮਾ ਦੀ ਕਿ੍ਰਪਾ ਹਮੇਸ਼ਾ ਬਣੀ ਰਹਿੰਦੀ ਹੈ। ਉਹਨਾਂ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਕੋਵਿਡ ਨਿਯਮਾਂ ਦੇ ਚਲਦਿਆਂ ਸਮਾਗਮ ਸੰਖੇਪ ਰੱਖਿਆ ਗਿਆ ਅਤੇ ਵੀਹ ਪਰਿਵਾਰਾਂ ਨੂੰ ਡੋਰ-ਟੂ-ਡੋਰ ਜਾ ਕੇ ਰਾਸ਼ਨ ਭੇਂਟ ਕੀਤਾ ਜਾ ਰਿਹਾ ਹੈ। ਫੋਰਮ ਵਲੋਂ ਐਸ.ਪੀ. ਬਾਹੀਆ ਨੂੰ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ। ਗੁਰਦੀਪ ਸਿੰਘ ਕੰਗ ਨੇ ਇਕ ਵਾਰ ਫਿਰ ਦੁਹਰਾਇਆ ਕਿ ਬੇਸਹਾਰਿਆਂ ਅਤੇ ਗਰੀਬ ਲੋੜਵੰਦਾਂ ਦੀ ਹਰ ਸੰਭਵ ਸੇਵਾ ਸਹਾਇਤਾ ਲਈ ਉਹ ਅਤੇ ਜੱਥੇਬੰਦੀ ਤਨਦੇਹੀ ਨਾਲ ਸਮਰਪਿਤ ਹਨ। ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਲਾਇਨਜ ਕਲੱਬ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ, ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਸੀਨੀਅਰ ਉਪ ਪ੍ਰਧਾਨ ਸੰਜੀਵ ਲਾਂਬਾ, ਉਪ ਪ੍ਰਧਾਨ ਸੁਨੀਲ ਢੀਂਗਰਾ, ਆਸ਼ੂ ਮਾਰਕੰਡਾ, ਹਰਭਜਨ ਸਿੰਘ ਲੱਕੀ, ਕੈਸ਼ੀਅਰ ਵਿਨੇ ਕੁਮਾਰ ਬਿੱਟੂ, ਸਕੱਤਰ ਜੁਗਲ ਬਵੇਜਾ, ਰੋਹਿਤ ਸ਼ਿੰਗਾਰੀ, ਸ਼ਸ਼ੀ ਕਾਲੀਆ, ਗਾਇਕ ਜਸਬੀਰ ਮਾਹੀ, ਪ੍ਰੈਸ ਸਕੱਤਰ ਸੰਜੀਵ ਸੂਰੀ, ਵਿਪਨ ਕੁਮਾਰ, ਵਿਜੇ ਅਰੋੜਾ, ਅਸ਼ਵਨੀ ਕਵਾਤਰਾ, ਅਜੇ ਕੁਮਾਰ, ਰਮੇਸ਼ ਸ਼ਿੰਗਾਰੀ, ਅਸ਼ਵਨੀ ਐਰੀ, ਹੈੱਪੀ ਮਲ੍ਹਣ, ਆਸ਼ੂ ਕਰਵਲ, ਧਰਮਪਾਲ ਨਿਸ਼ਚਲ, ਦੀਪਕ ਬਹਿਲ ਆਦਿ ਹਾਜਰ ਸਨ।