ਜਲੰਧਰ, 27 ਫਰਵਰੀ
ਜਲੰਧਰ ਕਮਿਸ਼ਨਰੇਟ ਪੁਲਿਸ ਦੇ 17 ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ ਪੰਜ ਸਹਾਇਕ ਕਮਿਸ਼ਨਰ ਪੁਲਿਸ, ਤਿੰਨ ਇੰਸਪੈਕਟਰ, ਦੋ ਸਹਾਇਕ ਸਬ ਇੰਸਪੈਕਟਰ, ਚਾਰ ਹੈੱਡ ਕਾਂਸਟੇਬਲ ਅਤੇ ਤਿੰਨ ਕਾਂਸਟੇਬਲ ਸ਼ਾਮਲ ਹਨ, ਨੂੰ ਕੋਵਿਡ 19 ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਮੋਹਰਲੀ ਕਤਾਰ ਵਿੱਚ ਕੰਮ ਕਰਨ ‘ਤੇ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ‘ਡਾਇਰੈਕਟਰ ਜਨਰਲ ਆਫ ਪੁਲਿਸ ਡਿਸਕ ਫਾਰ ਐਗਜ਼ੰਪਲਰੀ ਸੇਵਾ ਟੂ ਸੁਸਾਇਟੀ’ ਨਾਲ ਸਨਮਾਨਿਤ ਕੀਤਾ ਗਿਆ।ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਸਹਾਇਕ ਕਮਿਸ਼ਨਰ ਪੁਲਿਸ ਸ਼੍ਰੀ ਬਲਵਿੰਦਰ ਇਕਬਾਲ ਸਿੰਘ, ਸ਼੍ਰੀ ਬਿਮਲ ਕਾਂਤ, ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਕੰਵਲਜੀਤ ਸਿੰਘ ਅਤੇ ਸ਼੍ਰੀ ਹਰਸਿਮਰਤ ਸਿੰਘ, ਇੰਸਪੈਕਟਰ ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀਮਤੀ ਸਿਕੰਦਿਆ ਦੇਵੀ ਅਤੇ ਸ਼੍ਰੀ ਰਵਿੰਦਰ ਕੁਮਾਰ, ਸਹਾਇਕ ਸਬ ਇੰਸਪੈਕਟਰ ਸ਼੍ਰੀ ਗੁਰਵਿੰਦਰ ਸਿੰਘ ਅਤੇ ਮੁਲਖ ਰਾਜ, ਹੈੱਡ ਕਾਂਸਟੇਬਲ ਸ਼੍ਰੀ ਜਸਵੰਤ ਸਿੰਘ, ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਅਤਿੰਦਰ ਪਾਲ ਸਿੰਘ ਅਤੇ ਸ਼੍ਰੀ ਸੁਖਦੀਪ ਸਿੰਘ, ਕਾਂਸਟੇਬਲ ਸ਼੍ਰੀ ਅਵਤਾਰ ਸਿੰਘ, ਰਿਸ਼ੂ ਅਤੇ ਬਖਸ਼ੀਸ਼ ਸਿੰਘ ਸ਼ਾਮਿਲ ਹਨ, ਜਿਨ੍ਹਾਂ ਦੀ ਪੁਲਿਸ ਕਮਿਸ਼ਨਰ ਵੱਲੋਂ ਵੱਖ-ਵੱਖ ਨਾਮਜ਼ਦਗੀਆਂ ਦੀ ਸਾਵਧਾਨੀ ਨਾਲ ਜਾਂਚ-ਪੜਤਾਲ ਅਤੇ ਸਕਰੀਨਿੰਗ ਤੋਂ ਬਾਅਦ ਇਸ ਐਵਾਰਡ ਲਈ ਚੋਣ ਕੀਤੀ ਗਈ ।ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਡਿਸਕ ਲਗਾਉਂਦਿਆਂ ਪੁਲਿਸ ਕਮਿਸ਼ਨਰ ਨੇ ਕੋਰੋਨਾ ਸੰਕਟ ਦੌਰਾਨ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਕੋਵਿਡ ਮਹਾਂਮਾਰੀ ਦੇ ਗੰਭੀਰ ਸੰਕਟ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ।ਸ਼੍ਰੀ ਭੁੱਲਰ ਨੇ ਕਿਹਾ ਕਿ ਇਸ ਡਿਸਕ ਦਾ ਉਦੇਸ਼ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਮਿਸਾਲੀ ਕਾਰਜਾਂ ਅਤੇ ਸੂਬੇ ਵਿੱਚ ਕੋਵਿਡ -19 ਓਪਰੇਸ਼ਨ ਅਤੇ ਰਿਸਪਾਂਸ ਗਤੀਵਿਧੀਆਂ ਦੌਰਾਨ ਮੋਹਰੀ ਕਤਾਰ ਵਿੱਚ ਕੰਮ ਕਰਨ ਵਾਲੇ ਹੋਰ ਅਧਿਕਾਰੀਆਂ ਵੱਲੋਂ ਕੀਤੇ ਗਏ ਬੇਮਿਸਾਲ ਕੰਮਾਂ ਨੂੰ ਮਾਨਤਾ ਦੇਣਾ ਹੈ।ਇਸ ਮੌਕੇ ਸਹਾਇਕ ਪੁਲਿਸ ਕਮਿਸ਼ਨਰ ਸ਼੍ਰੀ ਬਲਵਿੰਦਰ ਇਕਬਾਲ ਸਿੰਘ, ਸ਼੍ਰੀ ਬਿਮਲ ਕਾਂਤ, ਸ਼੍ਰੀ ਓਮ ਪ੍ਰਕਾਸ਼, ਸ਼੍ਰੀ ਕੰਵਲਜੀਤ ਸਿੰਘ ਅਤੇ ਸ਼੍ਰੀ ਹਰਸਿਮਰਤ ਸਿੰਘ ਨੇ ਡਾਇਰੈਕਟਰ ਜਨਰਲ ਪੁਲਿਸ ਅਤੇ ਪੁਲਿਸ ਕਮਿਸ਼ਨਰ ਦਾ ਉਨ੍ਹਾਂ ਦੀ ਇਸ ਐਵਾਰਡ ਲਈ ਚੋਣ ਕਰਨ ਵਾਸਤੇ ਧੰਨਵਾਦ ਕੀਤਾ। ਇਨ੍ਹਾਂ ਅਫਸਰਾਂ ਨੇ ਕਿਹਾ ਕਿ ਇਹ ਦੁਰਲੱਭ ਐਵਾਰਡ ਲਈ ਚੁਣੇ ਜਾਣ ‘ਤੇ ਉਹ ਬਹੁਤ ਖੁਸ਼ ਹਨ ਅਤੇ ਇਸ ਐਵਾਰਡ ਨੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਲਈ ਨਵੇਂ ਜੋਸ਼ ਨਾਲ ਭਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੇ ਆਪਣੀ ਡਿਊਟੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਵੱਡਮੁੱਲੀ ਸੇਧ ਦੇਣ ਲਈ ਪੁਲਿਸ ਕਮਿਸ਼ਨਰ ਦਾ ਧੰਨਵਾਦ ਕੀਤਾ।