ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਵਲੋਂ ਅੱਜ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਜਬਰਦਸਤ ਰੋਸ ਮੁਜਾਹਰਾ ਕਰਦੇ ਹੋਏ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਆਮ ਜਨਤਾ ਨੂੰ ਕਿਹਾ ਜਾਂਦਾ ਹੈ ਕਿ ਕੋਵਿਡ ਵੈਕਸੀਨ ਦੀ ਡੋਜ ਨਹੀਂ ਆ ਰਹੀ ਪਰ ਕੁੱਝ ਖਾਸ ਕਾਂਗਰਸੀ ਆਗੂਆਂ ਦੇ ਵਾਰਡ ਵਿਚ ਲਗਾਤਾਰ ਕੈਂਪ ਲਗਾ ਕੇ ਵੈਕਸੀਨ ਟੀਕਾਕਰਣ ਕੀਤਾ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਤੋਂ ਇਲਾਵਾ ਸਾਬਕਾ ਮੇਅਰ ਅਰੁਣ ਖੋਸਲਾ ਤੇ ਮੰਡਲ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ ਨੇ ਕਿਹਾ ਕਿ ਕਈ ਵਾਰ ਐਸ.ਐਮ.ਓ. ਲੈਂਬਰ ਰਾਮ ਨੂੰ ਗੁਜਾਰਿਸ਼ ਕੀਤੀ ਜਾ ਚੁੱਕੀ ਹੈ ਕਿ ਉਹਨਾਂ ਦੇ ਵਾਰਡਾਂ ਵਿਚ ਕੋਰੋਨਾ ਟੀਕਾਕਰਣ ਕੈਂਪ ਲਗਾਏ ਜਾਣ ਪਰ ਐਸ.ਐਮ.ਓ. ਵਲੋਂ ਅਗਿਆਤ ਕਾਰਨ ਦੱਸ ਕੇ ਟੀਮ ਭੇਜਣ ਤੋਂ ਮਨਾ ਕੀਤਾ ਜਾ ਰਿਹਾ ਹੈ। ਉਹਨਾਂ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਪਾਰਟੀ ਦੀ ਲੋਕਲ ਲੀਡਰਸ਼ਿਪ ਮਹਾਮਾਰੀ ਨੂੰ ਵੀ ਰਾਜਨੀਤਿ ਦਾ ਹਥਿਆਰ ਬਣਾ ਰਹੀ ਹੈ ਤੇ ਐਸ.ਐਮ.ਓ. ਸਿਆਸੀ ਮੋਹਰਾ ਬਣ ਰਹੇ ਹਨ ਜੋ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਚ ਟੀਕਾਕਰਣ ਦੇ ਲੋੜੀਂਦੇ ਪ੍ਰਬੰਧ ਨਹੀਂ ਹਨ ਜਿਸ ਨਾਲ ਲੋਕਾਂ ਨੂੰ ਰੋਜਾਨਾ ਖੱਜਲ ਖੁਆਰ ਹੋਣਾ ਪੈਂਦਾ ਹੈ। ਕਾਫੀ ਲੋਕਾਂ ਦੇ ਪਹਿਲੀ ਡੋਜ ਲੱਗ ਚੁੱਕੀ ਹੈ ਤੇ ਦੂਸਰੀ ਡੋਜ ਲਗਾਉਣ ਦਾ ਸਮਾਂ ਵੀ ਬੀਤਦਾ ਜਾ ਰਿਹਾ ਹੈ। ਲੋਕ ਟੀਕਾਕਰਣ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਜੇਕਰ ਐਸ.ਐਮ.ਓ. ਨੇ ਹਲਕਾ ਵਿਧਾਇਕ ਅਤੇ ਚੋਣਵੇਂ ਕਾਂਗਰਸੀ ਆਗੂਆਂ ਦੇ ਹੁਕਮ ਦੀ ਹੀ ਤਮੀਲ ਕਰਨੀ ਹੈ ਤਾਂ ਹਸਪਤਾਲ ਦੇ ਉਪਰ ਕਾਂਗਰਸ ਦਾ ਝੰਡਾ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਇਹ ਹਸਪਤਾਲ ਸਿਰਫ ਕਾਂਗਰਸੀਆਂ ਲਈ ਹੀ ਰਹਿ ਗਿਆ ਹੈ। ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਅਤੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਚੇਤਾਵਨੀ ਦਿੱਤੀ ਕਿ ਅੱਜ ਦਾ ਰੋਸ ਮੁਜਾਹਰਾ ਇਕ ਸੰਕੇਤ ਹੈ ਪਰ ਜੇਕਰ ਐਸ.ਐਮ.ਓ. ਨੇ ਆਪਣੀ ਕਾਰਜ ਸ਼ੈਲੀ ਨੂੰ ਨਿਰਪੱਖ ਨਾ ਕੀਤਾ ਤਾਂ ਆਉਂਦੇ ਦਿਨਾਂ ਵਿਚ ਵੱਡੀ ਪੱਧਰ ਤੇ ਤਿੱਖਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਬਲਭੱਦਰ ਸੈਨ ਦੁੱਗਲ, ਚੰਦਰੇਸ਼ ਕੌਲ, ਰਾਜੀਵ ਪਾਹਵਾ, ਪ੍ਰਮੋਦ ਮਿਸ਼ਰਾ, ਜਸਵਿੰਦਰ ਕੌਰ, ਨਿੱਕੀ ਸ਼ਰਮਾ, ਨਿਤਿਨ ਚੱਢਾ, ਮਹਿੰਦਰ ਥਾਪਰ ਆਦਿ ਭਾਜਪਾ ਆਗੂ ਹਾਜਰ ਸਨ।