ਜਲੰਧਰ 30 ਜੁਲਾਈ 2020
ਜ਼ਿਲ੍ਹਾ ਵਾਸੀਆਂ ਨੂੰ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਵੈਂਟੀਲੇਟਰ ਤੋਂ ਇਲਾਵਾ ਬੈਡਾਂ ਦੀ ਉਪਲਬੱਧਤਾ ਬਾਰੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਜ਼ਿਲ੍ਹਾ ਪ੍ਰਸਾਸਨ ਵਲੋਂ ਇਸ ਸਬੰਧੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ Jalandhar.nic.in ’ਤੇ ਨਿਯਮਤ ਤੌਰ ’ਤੇ ਅਪਡੇਟ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਵਾਸੀ ਹੈਲਪਲਾਈਨ ਨੰਬਰ 0181-2224417 ’ਤੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬੈਡਾਂ ਦੀ ਉਪਲਬੱਧਤਾ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ ਸਬੰਧੀ ਸੂਬੇ ਦੇ ਸਾਰੇ 22 ਜਿਲਿ੍ਹਆਂ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵੀਡੀਓ ਕਾਨਫਰਸਿੰਗ ਵਿੱਚ ਸ਼ਮੂਲੀਅਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਜਿਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰ.ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ ਨੇ ਕਿਹਾ ਕਿ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨੇੜੇ ਦੀਆਂ ਸਿਹਤ ਸੰਸਥਾਵਾਂ ਵਿੱਚ ਮੁਹੱਈਆ ਕਰਵਾਉਣਾ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਵਲੋਂ ਲੋਕਾਂ ਨੁੂੰ ਆਈ.ਸੀ.ਯੂ.ਬੈਡਾਂ ਅਤੇ ਵੈਂਟੀਲੇਟਰਦੀ ਉਪਲਬੱਧਤਾ ਬਾਰੇ ਸੂਚਨਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਲੈਵਲ-2 ਬੈਡਾਂ ਨੂੰ ਪਾਈਪ ਰਾਹੀਂ ਆਕਸੀਜਨ ਅਤੇ ਲੈਵਲ-3 ਦੇ ਬੈਡਾਂ ਨੂੰ ਵੈਂਟੀਲੇਟਰ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ,ਜਿਸ ਨਾਲ ਮਰੀਜ਼ਾਂ ਦਾ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੂੰ ਹਸਪਤਾਲਾਂ ਦਾ ਇੰਚਾਰਜ ਅਤੇ ਅਸਟੇਟ ਅਫਸਰ ਨਵਨੀਤ ਕੌਰ ਬੱਲ ਨੂੰ ਬਿਹਤਰ ਤਾਲਮੇਲ ਅਤੇ ਤੁਰੰਤ ਕਾਰਵਾਈ ਕਰਕੇ ਕੋਵਿਡ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨਾਂ ਦੇ ਇਲਾਜ ਨੂੰ ਸਮੇਂ ਸਿਰ ਯਕੀਨੀ ਬਣਾਉਣ ਲਈ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਾਰੇ ਅਧਿਕਾਰੀਆਂ ਵਲੋਂ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਜਨਤਕ ਹਿੱਤ ਨੂੰ ਮੁੱਖ ਰੱਖਦਿਆਂ ਅਤੇ ਕੀਮਤੀ ਜਾਨਾਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ‘ਮਿਸ਼ਨ ਫ਼ਤਿਹ’ ਤਹਿਤ ਕੋਵਿਡ-19 ਤੋਂ ਬਚਾਅ ਲਈ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਵੀ ਲਗਾਤਾਰ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜਿਨਾਂ ਵਲੋਂ ਅਪਣੇ ਦਫ਼ਤਰ ਤੋਂ ਵੀਡੀਓ ਕਾਨਫਰਸਿੰਗ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਐਸ.ਐਸ.ਪੀ.ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਮੁਹਿੰਮ ਪਹਿਲਾਂ ਹੀ ਤੇਜ ਕੀਤੀ ਗਈ ਹੈ ਅਤੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੈਡੀਕਲ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਨੋਵਲ ਕੋਰੋਨਾ ਵਾਇਰਸ ਖਿਲਾਫ਼ ਜੰਗਦੌਰਾਨ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ।