ਫਗਵਾੜਾ 10 ਅਪ੍ਰੈਲ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 7 ਅਤੇ 14 ਦੇ ਵਸਨੀਕਾਂ ਦੀ ਸੁਵਿਧਾ ਲਈ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ, ਸਮਾਜ ਸੇਵਕ ਮੁਕੇਸ਼ ਭਾਟੀਆ ਅਤੇ ਪਿੰਕੀ ਭਾਟੀਆ ਦੇ ਯਤਨਾ ਸਦਕਾ ਡਾ. ਬੀ.ਆਰ. ਅੰਬੇਡਕਰ ਪਾਰਕ ਮੁਹੱਲਾ ਪਲਾਹੀ ਗੇਟ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਫਰੀ ਕੋਰੋਨਾ ਵੈਕਸੀਨ ਲਗਾਉਣ ਦਾ ਕੈਂਪ ਲਗਾਇਆ ਗਿਆ। ਜਿਸ ਵਿਚ 45 ਸਾਲ ਤੋਂ ਵੱਧ ਉਮਰ ਦੇ 112 ਯੋਗ ਔਰਤਾਂ ਅਤੇ ਮਰਦਾਂ ਨੂੰ ਕੋਰੋਨਾ ਵੈਕਸੀਨ ਦਾ ਟੀਕਾਕਰਣ ਕੀਤਾ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ। ਉਹਨਾਂ ਦੱਸਿਆ ਕਿ ਫਗਵਾੜਾ ਸਬ ਡਵੀਜਨ ਵਿਚ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਹਰ ਵਾਰਡ ਵਿਚ ਕੈਂਪ ਲਗਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜੰਗੀ ਪੱਧਰ ਤੇ ਟੀਕਾਕਰਣ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਬੇਹਦ ਖਤਰਨਾਕ ਰੂਪ ਵਿਚ ਸਾਹਮਣੇ ਆਈ ਹੈ ਹੈ ਜਿਸ ਨੂੰ ਕਾਬੂ ਕਰਨ ਲਈ ਬਿਨਾ ਕਿਸੇ ਡਰ ਦੇ ਟੀਕਾ ਲਗਵਾਇਆ ਜਾਵੇ। ਇਸ ਦੌਰਾਨ ਮੁਕੇਸ਼ ਭਾਟੀਆ ਨੇ ਵਿਧਾਇਕ ਧਾਲੀਵਾਲ ਅਤੇ ਸਿਹਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਟੀਕਾਕਰਣ ਕਰਵਾਉਣ ਵਾਲੇ ਵਿਅਕਤੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਦੇ ਹੋਏ ਸਰੀਰਿਕ ਦੂਰੀ, ਮਾਸਕ ਪਹਿਨਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਵਰਗੀਆਂ ਹਦਾਇਤਾਂ ਦੀ ਪਾਲਣ ਕਰਦੇ ਰਹਿਣ। ਇਸ ਮੌਕੇ ਦੋਵੇਂ ਵਾਰਡਾਂ ਦੇ ਪਤਵੰਤੇ ਹਾਜਰ ਸਨ।