ਜਲੰਧਰ :-  ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਪ੍ਰੀ-ਨਰਸਰੀ ਤੋਂ 5ਵੀਂ ਤੱਕ ਦੇ ਘਰ ਬੈਠੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਸ਼ੁਰੂ ਕੀਤੇ ਗਏ ਡਿਜ਼ੀਟਲ ਮਾਰਗ ਦਰਸ਼ਕ ਪ੍ਰੋਗਰਾਮ ਵਿੱਚ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਨੇ ਬਾਜ਼ੀ ਮਾਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ ਨਕੋਦਰ ਅਤੇ ਸ਼ਾਹਕੋਟ ਨੇ ਪਹਿਲੇ 25 ਬਲਾਕਾਂ ਵਿੱਚ ਜਗ੍ਹਾ ਬਣਾਉਂਦੇ ਹੋਏ ਕ੍ਰਮਵਾਰ 14ਵਾਂ ਅਤੇ 24ਵਾਂ ਸਥਾਨ ਹਾਸਲ ਕੀਤਾ ਹੈ।
ਇਸ ਪ੍ਰਾਪਤੀ ‘ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਪ੍ਰੀ-ਨਰਸਰੀ ਤੋਂ 5ਵੀਂ ਤੱਕ ਦੇ ਬੱਚਿਆਂ ਦਾ ਸਰਵਪੱਖੀ ਵਿਕਾਸ ਜਿਵੇਂ ਸਰੀਰਿਕ, ਮਾਨਸਿਕ, ਬੌਧਿਕ, ਭਾਵਨਾਤਵਕ ਅਤੇ ਭਾਸ਼ਾ ਦਾ ਵਿਕਾਸ ਕਰਨਾ, ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨਾ, ਬੱਚਿਆ ਵਿੱਚ ਜੀਵਨ ਹੁਨਰਾਂ ਨੂੰ ਵਿਕਸਿਤ ਕਰਨਾ ਹੈ ਕਿਉਂਕਿ ਇਸ ਉਮਰ ਵਿੱਚ ਬੱਚੇ ਦਾ ਮਾਨਸਿਕ ਅਤੇ ਸਰੀਰਿਕ ਵਿਕਾਸ ਤੇਜ਼ ਗਤੀ ਨਾਲ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਮੇਰਾਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਵਟਸਮੈਪ ਗਰੁੱਪਾਂ ਰਾਹੀਂ ਪ੍ਰੀ-ਨਰਸਰੀ ਤੋਂ 5ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮਨੋਰੰਜਨ ਭਰਪੂਰ ਸਿੱਖਿਆਦਾਇਕ ਆਡਿਓ-ਵੀਡਿਓ ਕਲਿੱਪ ਭੇਜ ਕੇ ਆਨਲਾਈਨ ਪੜ੍ਹਾਉਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਅਧਿਆਪਕਾਂ ਤੋਂ ਇਲਾਵਾ ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ ਅਧੀਨ ਚੱਲ ਰਹੇ ਸਕੂਲਾਂ ਦੇ ਸਟਾਫ ਵੱਲੋਂ ਵੀ ਵਟਸਐਪ ਗਰੁੱਪ ਬਣਾ ਕੇ ਬੱਚਿਆਂ ਦੇ ਮਾਪਿਆਂ ਨੂੰ ਜੋੜਿਆ ਗਿਆ ਤਾਂ ਜੋ ਮਾਪੇ ਵੀ ਅਧਿਆਪਕ ਬਣ ਕੇ ਆਪਣੇ ਬੱਚਿਆਂ ਨੂੰ ਪੜ੍ਹਾ ਸਕਣ ਅਤੇ ਉਨ੍ਹਾਂ ਦੀ ਪੜ੍ਹਾਈ ਵਿੱਚ ਮਦਦ ਕਰ ਸਕਣ।
ਥੋਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਡਿਜ਼ੀਟਲ ਪ੍ਰੋਗਰਾਮ ਰਾਹੀਂ ਮਿਸ਼ਨ ਫ਼ਤਹਿ ਤਹਿਤ ਕੋਵਿਡ-19 ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ  ਤਾਂ ਜੋ ਮਾਪੇ ਸੁਰੱਖਿਆ ਸਾਵਧਾਨੀਆਂ ਵਰਤ ਕੇ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਣ। ਡਿਪਟੀ ਕਮਿਸ਼ਨਰ ਨੇ ਉਮੀਦ ਪ੍ਰਗਟ ਕੀਤੀ ਕਿ ਟਾਪ 25 ਵਿੱਚ ਜਗ੍ਹਾ ਬਣਾਉਣ ਵਾਲੇ ਬਲਾਕਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਇਸੇ ਤਰ੍ਹਾਂ ਹੀ ਕਾਇਮ ਰੱਖਿਆ ਜਾਵੇਗਾ, ਜਿਸ ਨਾਲ ਹੋਰਨਾਂ ਬਲਾਕਾਂ ਨੂੰ ਵੀ ਵਧੀਆ ਕਾਰਗੁਜ਼ਾਰੀ ਦਿਖਾਉਣ ਦੀ ਪ੍ਰੇਰਨਾ ਮਿਲੇਗੀ।