ਜਲੰਧਰ 28 ਅਗਸਤ 2020
ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਅੱਜਸਿੱਧ ਬਾਬਾ ਸੋਢਲ ਮੰਦਿਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀਮਤੀ ਵਤਸਲਾ ਗੁਪਤਾ ਅਤੇ ਸਹਾਇਕ ਕਮਿਸ਼ਨਰ ਪੁਲਿਸ ਨਾਰਥ ਸੁਖਜਿੰਦਰ ਸਿੰਘ ਦੀ ਮੀਟਿੰਗ ਹੋਈ।ਮੀਟਿੰਗ ਦੌਰਾਨ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕਮੇਟੀ ਵਲੋਂ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਵਾਰ ਸਿੱਧ ਬਾਬਾ ਸੋਢਲ ਜੀ ਦਾ ਸਲਾਨਾ ਮੇਲਾ ਨਹੀਂ ਕਰਵਾਇਆ ਜਾਵੇਗਾ ਕਿਉਂਕਿ ਇਸ ਇਤਿਹਾਸਿਕ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾ ਅਰਪਿਤ ਕਰਨ ਲਈ ਇਕੱਤਰ ਹੁੰਦੇ ਹਨ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਸਿੱਧ ਬਾਬਾ ਸੋਢਲ ਮੰਦਿਰ ਕਮੇਟੀ ਵਲੋਂ ਸੋਢਲ ਮੇਲੇ ਦਾ ਲਾਈਵ ਪ੍ਰਸਾਰਣ ਕਰਵਾਇਆ ਜਾਵੇਗਾ । ਇਸ ਮੌਕੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਕਿ ਕੋਵਿਡ-19 ਮਹਾਂਮਾਰੀ ਦੇ ਨਾਜ਼ੁਕ ਹਾਲਾਤ ਦੇ ਚਲਦਿਆਂ ਉਹ ਘਰਾਂ ਵਿੱਚ ਰਹਿ ਕੇ ਸਿੱਧ ਬਾਬਾ ਸੋਢਲ ਜੀ ਦੇ ਆਨਲਾਈਨ ਦਰਸ਼ਨ ਕਰਨ, ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਕਮੇਟੀ ਅਨੁਸਾਰ ਜੋ ਸ਼ਰਧਾਲੂ ਚੜਾਵਾ ਦੇਣਾ ਚਾਹੁੰਦੇ ਹਨ, ਉਹ ਆਨਲਾਈਨ ਟਰੱਸਟ ਦੇ ਖਾਤੇ ਵਿੱਚ ਦੇ ਸਕਦੇ ਹਨ। ਮੀਟਿੰਗ ਦੌਰਾਨ ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੰਦਿਰ ਜਾਂ ਇਸ ਦੇ ਆਲੇ-ਦੁਆਲੇ ਇਕੱਠ ਕਰਨ ਦੀ ਮਨਾਹੀ ਹੋਵੇਗੀ।