ਫਗਵਾੜਾ 31 ਅਗਸਤ (ਸ਼ਿਵ ਕੋੜਾ) ਸਮਾਜ ਸੇਵਕ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਉਣ ਵਿਚ ਅਤੇ ਇਸ ਸਬੰਧੀ ਸਜਾਈ ਗਈ ਵਿਸ਼ਾਲ ਸ਼ੋਭਾ ਯਾਤਰਾ ਵਿਚ ਸਹਿਯੋਗ ਕਰਨ ਵਾਲੇ ਸਮੂਹ ਸ਼ਹਿਰ ਵਾਸੀਆਂ ਤੋਂ ਇਲਾਵਾ ਫਗਵਾੜਾ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਵਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਦਿਖਾਏ ਉਤਸ਼ਾਹ, ਸੰਗਤਾਂ ਦੀ ਸਹੂਲਤ ਲਈ ਲਗਾਏ ਗਏ ਲੰਗਰਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ ਪਰ ਨਾਲ ਹੀ ਉਹਨਾਂ ਲੋਕਲ ਪ੍ਰਸ਼ਾਸਨ ਦੇ ਰਵੱਈਏ ਨੂੰ ਲੈ ਕੇ ਸਖ਼ਤ ਨੁਕਤਾਚੀਨੀ ਅਤੇ ਨਰਾਜਗੀ ਦਾ ਪ੍ਰਗਟਾਵਾ ਵੀ ਕੀਤਾ। ਅਰੁਣ ਖੋਸਲਾ ਨੇ ਕਿਹਾ ਕਿ ਜਨਮ ਅਸ਼ਟਮੀ ਦੀ ਰਾਤ ਕਈ ਇਲਾਕਿਆਂ ਵਿਚ ਬਿਜਲੀ ਗੁਲ ਰਹਿਣਾ ਅਤੇ ਪਾਣੀ ਦੀ ਸਪਲਾਈ ਵੀ ਠੱਪ ਹੋਣਾ ਬਹੁਤ ਮੰਦਭਾਗੀ ਗੱਲ ਹੈ ਕਿਉਂਕਿ ਸ੍ਰੀ ਕ੍ਰਿਸ਼ਨ ਭਗਤਾਂ ਅਤੇ ਪ੍ਰਬੰਧਕਾਂ ਨੂੰ ਇਸ ਨਾਲ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਬੇਸ਼ਕ ਸਫਾਈ ਦੇ ਪ੍ਰਬੰਧ ਤਸੱਲੀ ਬਖਸ਼ ਸਨ ਜਿਸ ਲਈ ਉਹ ਕਾਰਪੋਰੇਸ਼ਨ ਦੇ ਸਫਾਈ ਸੇਵਕਾਂ ਦੇ ਤਹਿ ਦਿਲੋਂ ਧੰਨਵਾਦੀ ਹਨ ਪਰ ਵਾਰ-ਵਾਰ ਦੱਸੇ ਜਾਣ ਦੇ ਬਾਵਜੂਦ ਸ਼ੋਭਾ ਯਾਤਰਾ ਦੇ ਰੂਟ ਅਤੇ ਮੰਦਰਾਂ ਦੇ ਆਸਪਾਸ ਸੜਕਾਂ ਦੀ ਲੋੜੀਂਦੀ ਮੁਰੱਮਤ ਨਹੀਂ ਕਰਵਾਈ ਗਈ ਜਿਸ ਨੂੰ ਲੈ ਕੇ ਹਿੰਦੂ ਸਮਾਜ ਦੀ ਪ੍ਰਸ਼ਾਸਨ ਪ੍ਰਤੀ ਡੂੰਘੀ ਨਾਰਾਜਗੀ ਹੈ।