
ਸੁਲਤਾਨਪੁਰ ਲੋਧੀ: ਕੇਂਦਰ ਸਰਕਾਰ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਦਿੱਤੇ ਜਾਂਦੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਐਵਾਰਡ ਲਈ ਇਸ ਵਾਰ ਜਲੰਧਰ ਜ਼ਿਲੇ ਦੇ ਪਿੰਡ ਸੀਚੇਵਾਲ ਨੂੰ ਵੀ ਚੁਣਿਆ ਗਿਆ ਹੈ। ਪੰਚਾਇਤ ਨੂੰ ਦਿੱਤੇ ਜਾਂਦੇ ਇਸ ਸਨਮਾਨ ਦੀ ਰਾਸ਼ੀ 5 ਤੋਂ 10 ਲੱਖ ਰੁਪਏ ਹੋਵੇਗੀ। ਇਹ ਸਨਮਾਨ ਪਿੰਡ ’ਚ ਪੰਚਾਇਤ ਵਲੋਂ ਕੀਤੇ ਕੰਮਾਂ ਦੇ ਆਧਾਰ ’ਤੇ ਦਿੱਤੇ ਜਾਂਦੇ ਹਨ। 2018-19 ਦੇ ਸਨਮਾਨ ਨੂੰ ਪ੍ਰਾਪਤ ਕਰ ਕੇ ਸੀਚੇਵਾਲ ਨਿਵਾਸੀ ਖੁਸ਼ ਹਨ। ਉਨ੍ਹਾਂ ਦੀ ਖੁਸ਼ੀ ਜਾਇਜ਼ ਵੀ ਹੈ ਕਿਉਂਕਿ ਸਨਮਾਨ ਦੇ ਅਸਲ ਹੱਕਦਾਰ ਇਹ ਲੋਕ ਹੀ ਹਨ। ਬੱਚਿਆਂ ਦੇ ਖੇਡਣ ਲਈ ਖੇਡ ਮੈਦਾਨ ਹਨ, ਬੀਬੀਆਂ ਨੇ ਆਪਣੇ ਨਿੱਜੀ ਮਸਲਿਆਂ ਲਈ ਕਮੇਟੀ ਬਣਾਈ ਹੈ, ਪਾੜ੍ਹਿਆਂ ਲਈ ਸਿੱਖਿਆ ਸੰਸਥਾਨ ਹਨ, ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਰੁਜ਼ਗਾਰ ਮਿਲਦਾ ਹੈ, ਕਿਸਾਨਾਂ ਨੇ ਖੇਤੀ ਲਈ ਯੋਗ ਪ੍ਰਬੰਧ ਕੀਤੇ ਹੋਏ ਹਨ। ਹੋਰ ਤਾਂ ਹੋਰ ਪੰਛੀਆਂ ਲਈ ਹਰੇ ਭਰੇ ਰੁੱਖ਼ਾਂ ਦੀ ਵੀ ਭਰਮਾਰ ਹੈ।