ਜਲੰਧਰ, 4 ਜਨਵਰੀ

               ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਲਈ ਕੁਆਲਿਟੀ ਖਾਦਾਂ ਅਤੇ ਕੀੜੇ ਮਾਰ ਜ਼ਹਿਰਾਂ ਉਪਲੱਬਧ ਕਰਵਾਉਣ ਲਈ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਕਿਸਾਨ ਹਿੱਤ ਵਿੱਚ ਸਮੂਹ ਬਲਾਕ ਖੇਤੀਬਾੜੀ ਅਧਿਕਾਰੀਆਂ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ ।

               ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਨੇ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਧੀਨ ਕੰਮ ਕਰ ਰਹੇ ਇਨਪੁੱਟਸ ਡੀਲਰਾਂ ਦੀ ਖੇਤੀਬਾੜੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ‘ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਐਕਟ ਅਨੁਸਾਰ ਸੈਂਪਲ ਵੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਚਾਲੂ ਸਾਲ ਦੌਰਾਨ ਜ਼ਿਲ੍ਹੇ ਅਧੀਨ ਲਏ ਗਏ ਸੈਂਪਲਾਂ ਵਿੱਚੋਂ ਖਾਦਾਂ ਦੇ 2, ਬੀਜਾਂ ਦੇ 10 ਅਤੇ ਕੀੜੇ ਮਾਰ ਜ਼ਹਿਰਾਂ ਦੇ 6 ਸੈਂਪਲ ਪ੍ਰਯੋਗਸ਼ਾਲਾਵਾਂ ਵੱਲੋਂ ਫੇਲ ਘੋਸ਼ਿਤ ਕੀਤੇ ਗਏ ਹਨ ਅਤੇ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

               ਡਾ. ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਆਰੀ ਵਸਤਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਕੀਤੀਆਂ ਗਈਆਂ ਅਚਨਚੇਤ ਚੈਕਿੰਗਾਂ ਦੌਰਾਨ ਜ਼ਿਲ੍ਹਾ ਜਲੰਧਰ ਵਿੱਚ ਖਾਦਾਂ ਦੇ 4, ਬੀਜਾਂ ਦੇ 10 ਅਤੇ  ਕੀੜੇ ਮਾਰ ਜ਼ਹਿਰਾਂ ਦੇ 6 ਵਿਕਰੇਤਾਵਾਂ ਦੇ ਲਾਇਸੈਂਸ ਵੀ ਰੱਦ ਕੀਤੇ ਗਏ ਹਨ ਅਤੇ ਖਾਦਾਂ, ਬੀਜ ਅਤੇ ਕੀੜੇ ਮਾਰ ਜ਼ਹਿਰਾਂ ਦੇ ਕ੍ਰਮਵਾਰ 5, 18 ਅਤੇ 10 ਡੀਲਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ।

               ਡਾ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਖਾਦਾਂ ,ਦਵਾਈਆਂ ਅਤੇ ਬੀਜਾਂ ਦੀ ਖਰੀਦ ਹਮੇਸ਼ਾ ਮਨਜੂਰਸ਼ੁਦਾ ਅਤੇ ਵਿਭਾਗ ਵੱਲੋਂ ਲਾਇਸੈਂਸ ਪ੍ਰਾਪਤ ਡੀਲਰਾਂ ਤੋਂ ਹੀ ਕਰਦੇ ਹੋਏ ਆਪਣਾ ਖਰੀਦ ਬਿੱਲ ਵੀ ਜ਼ਰੂਰ ਹਾਸਿਲ ਕਰਨਾ ਚਾਹੀਦਾ ਹੈ।ਡਾ. ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾ ਨੂੰ ਅਪੀਲ ਕੀਤੀ ਹੈ ਕਿ ਸਸਤੇ ਦੇ ਚੱਕਰ ਵਿੱਚ ਪਿਡਾਂ ਵਿੱਚ ਗਲਤ ਅਨਸਰਾਂ ਪਾਸੋਂ ਕੀੜੇ ਮਾਰ ਜ਼ਹਿਰਾਂ, ਖਾਦਾਂ ਅਤੇ ਦਵਾਈਆਂ ਦੀ ਖਰੀਦ ਕਰਨ ਤੋਂ ਗੁਰੇਜ਼ ਕਰਨ ਅਤੇ ਅਜਿਹੇ ਅਨਸਰਾਂ ਬਾਰੇ ਇਤਲਾਹ ਜ਼ਰੂਰ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨਾਲ ਹੁੰਦੇ ਧੋਖੇ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਲਈ ਲੋੜੀਂਦੀਆਂ ਵਸਤਾਂ ਦੀ ਖਰੀਦ ਹਮੇਸ਼ਾ ਲਾਇਸੈਂਸ ਪ੍ਰਾਪਤ ਡੀਲਰ ਪਾਸੋਂ ਹੀ ਕਰਨ ।