ਜਲੰਧਰ , 23 ਸਤੰਬਰ , 2020
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਅੱਜ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕਰਕੇ ਇਨ੍ਹਾਂ ਤਿੰਨਾਂ ਮਾਰੂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਪੀ ਏ ਪੀ ਚੌਂਕ ਜਲੰਧਰ
ਵਿਖੇ- ਸਵੇਰ 10 ਵਜੇ ਤੋਂ 12 ਵਜੇ ਤੱਕ ਜਾਰੀ ਰਹੇ ਇਸ ਰੋਸ ਮੁਜ਼ਾਹਰੇ ਦੀ ਅਗਵਾਈ ਡਾ ਸੰਜੀਵ ਸ਼ਰਮਾ, ਸਾਬਕਾ ਹਲਕਾ ਪ੍ਰਧਾਨ ਜਲੰਧਰ ਸੈਂਟਰਲ ਤੇ ਸਾਬਕਾ ਉਪ ਪ੍ਰਧਾਨ ਪੰਜਾਬ ਨੇ ਕੀਤੀ, ਜਦਕਿ ਹੋਰ ਸਥਾਨਕ ਲੀਡਰਾਂ ‘ਚ- ਸੰਤੋਖ ਸਰੋਆ, ਸੁਭਾਸ਼ ਪ੍ਰਭਾਕਰ , ਪਰਮਜੀਤ ਅਰੋੜਾ, ਕੇ ਕੇ ਵਰਮਾ, ਮਨਿੰਦਰ ਪਾਬਲਾ , ਕੌਸ਼ਲ ਸ਼ਰਮਾ, ਤੇਜ ਪਾਲ, ਮਨਜੀਤ ਸਿੰਘ,ਰਮਨ ,ਵਿਕਾਸ ਗਰੋਵਰ, ਅਨਿਲ ਹਾਂਡਾ, ਡਾ ਅਮਰਜੀਤ, ਰਾਜੇਸ਼ ਦੱਤਾ, ਕੇ ਕੇ ਸ਼ਰਮਾ, ਪਰਿਤੋਸ਼ ਸ਼ਰਮਾ, ਪ੍ਰਭਜੋਤ ਸਿੰਘ, ਅੇ ਐਨ ਸਹਿਗਲ ,ਕੇ ਪੀ ਠੇਕੇਦਾਰ, ਗੁਰਚਰਨ ਤੋਤਾ,ਰਜਿੰਦਰ ਵਿਰਦੀ ਸਮੇਤ ਬਹੁਤ ਕਾਰਕੁੰਨ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ ਸੰਜੀਵ ਸ਼ਰਮਾ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ‘ਚ ਕਾਮਯਾਬ ਹੋ ਗਈ ਤਾਂ ਨਾ ਕੇਵਲ ਕਿਸਾਨਾਂ ਅਤੇ ਖੇਤ ਮਜ਼ਦੂਰ ਪੂਰੀ ਤਰਾਂ ਬਰਬਾਦ ਹੋਣਗੇ, ਬਲਕਿ ਆੜ੍ਹਤੀ, ਮੁਨੀਮ, ਪੱਲੇਦਾਰ, ਟਰੱਕ-ਟਰਾਲਾ-ਟਰਾਲੀ-ਟੈਂਪੂ ਆਪਰੇਟਰ (ਟਰਾਂਸਪੋਰਟਰ), ਖਾਦ ਅਤੇ ਪੈਸਟੀਸਾਈਡ ਵਿਕਰੇਤਾ, ਖੇਤੀਬਾੜੀ ਲਈ ਕਹੀ ਤੋਂ ਲੈ ਕੇ ਕੰਬਾਈਨ ਤੱਕ ਬਣਾਉਣ ਵਾਲੀ ਹਰ ਤਰਾਂ ਦੀ ਇੰਡਸਟਰੀ ਸਮੇਤ ਸਾਰੇ ਛੋਟੇ-ਵੱਡੇ ਵਪਾਰੀ ਅਤੇ ਦੁਕਾਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਂਟ ਚੜ੍ਹਨਗੇ। ਇਸ ਲਈ ਸਾਨੂੰ ਸਭ ਨੂੰ ਇੱਕਜੁੱਟ ਅਤੇ ਇਕਸੁਰ ਹੋ ਕੇ ਉਦੋਂ ਤੱਕ ਸੰਘਰਸ਼ ਜਾਰੀ ਰੱਖਣਾ ਪਵੇਗਾ, ਜਦੋਂ ਤੱਕ ਮੋਦੀ ਸਰਕਾਰ ਨੂੰ ਇਹ ਘਾਤਕ ਕਾਨੂੰਨ ਵਾਪਸ ਲੈਣ ਲਈ ਮਜਬੂਰ ਨਹੀਂ ਕਰ ਦਿੰਦੇ। ‘ਆਪ’ ਆਗੂਆਂ ਨੇ ਕਿਹਾ ਕਿ ਮੋਦੀ ਦੀ ਤਾਨਾਸ਼ਾਹੀ ਵਿਰੁੱਧ ਏਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਸਭ ਤੋਂ ਪਹਿਲਾਂ ਕਿਸਾਨ ਸੰਗਠਨਾਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਸਫਲ ਬਣਾਉਣਾ ਹੋਵੇਗਾ। ‘ਆਪ’ ਆਗੂਆਂ ਨੇ ਮੋਦੀ ਸਰਕਾਰ ਦੇ ਇਨ੍ਹਾਂ ਕਾਲੇ ਕਾਨੂੰਨਾਂ ਲਈ ਬਾਦਲ ਪਰਿਵਾਰ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਬਰਾਬਰ ਦੇ ਦੋਸ਼ੀ ਦੱਸਿਆ, ਕਿਉਂਕਿ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਾਈ ਪਾਵਰ ਕਮੇਟੀ ‘ਚ ਚੁੱਪ-ਚਾਪ ਸਹਿਮਤੀ ਦੇ ਕੇ ਜਿੱਥੇ ਮੋਦੀ ਸਰਕਾਰ ਦਾ ਰਾਹ ਪੱਧਰਾ ਕੀਤਾ, ਉੱਥੇ ਬਾਦਲਾਂ ਨੇ ਇੱਕ ਵਜ਼ੀਰੀ ਬਚਾਉਣ ਲਈ ਉਦੋਂ ਤੱਕ ਇਨ੍ਹਾਂ ਕਾਲੇ ਕਾਨੂੰਨਾਂ ਦੀ ਵਕਾਲਤ ਜਾਰੀ ਰੱਖੀ ਜਦੋਂ ਤੱਕ ਲੋਕਾਂ ਨੇ ਪਿੰਡਾਂ ‘ਚ ਬੋਰਡ ਲਗਾ ਕੇ ਇਨ੍ਹਾਂ ਦਾ ਵੜਨਾ ਬੰਦ ਨਹੀਂ ਕੀਤਾ।‘ਆਪ’ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਨਿਰੋਲ ਡਰਾਮਾ ਦੱਸਦਿਆਂ ਕਿਹਾ ਕਿ ਬਾਦਲ ਅਜੇ ਵੀ ਮੋਦੀ ਦੇ ਇਸ਼ਾਰਿਆਂ ‘ਤੇ ਨੱਚਦੇ ਹਨ। ਇਸੇ ਲਈ ਬਾਦਲਾਂ ਨੇ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਤਾਰਪੀਡੋ ਕਰਨ ਲਈ 25 ਸਤੰਬਰ ਨੂੰ ਹੀ ਆਪਣਾ ਚੱਕਾ ਜਾਮ ਪ੍ਰੋਗਰਾਮ ਰੱਖ ਲਿਆ। ‘ਆਪ’ ਆਗੂਆਂ ਨੇ ਕਿਹਾ ਕਿ ਕਾਲੇ ਕਾਨੂੰਨਾਂ ਦੀ ਵਕਾਲਤ ਕਰਨ ਵਾਲੇ ਭਾਜਪਾ ਆਗੂਆਂ ਨੂੰ ਮੋਦੀ ਦੀ ਚਮਚਾਗੀਰੀ ਕਰਨ ਦੀ ਥਾਂ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਾ ਚਾਹੀਦਾ ਹੈ।