ਜਲੰਧਰ: ਪੰਜਾਬ ਦੇ ਦਲਿਤ ਸਮਾਜ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਵਲੋਂ ਕੀਤਾ ਗਿਆ 64 ਕਰੋੜ ਰੁਪਏ ਦਾ ਇਕ ਹੋਰ ਵੱਡਾ ਘੁਟਾਲਾ ਸਾਹਮਣੇ ਆਇਆ ਹੈ,ਅਡਿਸ਼ਨਲ ਚੀਫ਼ ਸੈਕਟਰੀ ਨੇ ਘਪਲੇ ਦੀ ਜੋ ਰਿਪੋਰਟ ਮੁੱਖ ਸਕੱਤਰ ਨੂੰ ਭੇਜੀ ਗਈ ਹੈ ਉਸ ਵਿਚ ਪੰਜਾਬ ਸਰਕਾਰ ਵਿਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ਉਪਰ ਸਿੱਧੇ ਤੌਰ ਤੇ ਦੋਸ਼ ਲੱਗੇ ਹਨ।ਇਸ ਸਬੰਧੀ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਨੇ ਇਸ ਘੱਪਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਕਾਂਗਰਸੀ ਮੰਤਰੀਆਂ, ਵਿਧਾਇਕਾਂ ਤੇ ਹੋਰ ਆਗੂਆਂ ਨੇ ਕੁਝ ਦਿਨ ਪਹਿਲਾਂ ਇਨ੍ਹਾਂ ਗਰੀਬ ਪ੍ਰੀਵਾਰਾਂ ਦਾ ਰਾਸ਼ਨ ਹੜੱਪ ਲਿਆ ਤੇ ਹੁਣ ਇਨ੍ਹਾਂ ਗਰੀਬ ਦਲਿਤ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੀ ਖਿਲਵਾੜ ਕਰਦਿਆਂ ਆਪਣੀਆਂ ਲੋਕ ਮਾਰੂ ਨੀਤੀਆਂ ਨੂੰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਗਰੀਬ ਦਲਿਤ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਭੇਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 309 ਕਰੋੜ ਰੁਪਏ ਇਨ੍ਹਾਂ ਦਲਿਤ ਵਿਦਿਆਰਥੀਆਂ ਨੂੰ ਵੰਡੇ ਹੀ ਨਹੀਂ ਗਏ, ਅੱਜ ਕਾਂਗਰਸੀਆਂ ਦੇ ਆਗੂਆਂ, ਵਿਧਾਇਕਾਂ, ਤੇ ਮੰਤਰੀਆਂ ਵਲੋਂ ਕੀਤੇ ਜਾ ਰਹੇ ਘੁਟਾਲਿਆਂ ਕਾਰਨ ਪੰਜਾਬ ਦੀ ਜਨਤਾ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਗਰੀਬ ਦਲਿਤ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਕਰਕੇ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਪੰਜਾਬ ਦੇ ਮਾਣਯੋਗ ਗਵਰਨਰ ਸਹਿਬ ਤੋਂ ਮੰਗ ਕਰਦਿਆਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਇਸ ਘਟਨਾ ਦੀ ਹਾਈਕੋਰਟ ਦੇ ਸੀਟਿੰਗ ਜੱਜ ਪਾਸੋਂ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਵੱਧ ਤੋਂ ਵੱਧ ਧਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਘੱਪਲੇ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ।