ਜਲੰਧਰ\ ਨੂਰਮਹਿਲ 13 ਜੁਲਾਈ
ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈਜ਼ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਇਥੇ ਗੁਰੂ ਪੂਰਨਿਮਾ ਮੌਕੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਿਖੇ ਨਤਮਸਤਕ ਹੁੰਦਿਆਂ ਕਿਹਾ ਕਿ ਸਮਾਜ ਭਲਾਈ ਅਤੇ ਲੋਕ ਪੱਖੀ ਕਾਰਜਾਂ ਵਿੱਚ ਧਾਰਮਿਕ ਸੰਸਥਾਵਾਂ ਦਾ ਯੋਗਦਾਨ ਸਲਾਘਾਯੋਗ ਹੈ।
ਗੁਰੂ ਪੂਰਨਿਮਾ ਮਹੋਤਸਵ ਦੌਰਾਨ ਸੰਗਤਾਂ ਨਾਲ ਹਾਜ਼ਰੀ ਭਰਦਿਆਂ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅਸੀਂ ਧਾਰਮਿਕ ਰਹਿਬਰਾਂ ਵਲੋਂ ਦਰਸਾਏ ਮਾਰਗ ਉਤੇ ਚੱਲ ਕੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਮਾਜ ਵਿੱਚ ਕਈ ਤਰ੍ਹਾਂ ਦੇ ਪਨਪੇ ਸੰਕਟਾਂ ਨੂੰ ਧਾਰਮਿਕ ਅਗਵਾਈ ਨਾਲ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਵੱਡੇ ਪੱਧਰ ’ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਹੜੇ ਕਿ ਸਲਾਹੁਣਯੋਗ ਹਨ।
ਜੰਗਲਾਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਧਾਰਮਿਕ ਸੰਸਥਾਵਾਂ ਦੀ ਹਰ ਲੋੜੀਂਦੀ ਮਦਦ ਲਈ ਹਮੇਸ਼ਾਂ ਤਤਪਰ ਅਤੇ ਯਤਨਸ਼ੀਲ ਰਹੇਗੀ ਤਾਂ ਜੋ ਆਪਸੀ ਭਾਈਚਾਰੇ ਅਤੇ ਤਾਲਮੇਲ ਨਾਲ ਰਾਜ ਅੰਦਰ ਬੁਰਾਈਆਂ ਦਾ ਖਾਤਮਾ ਅਤੇ ਵਿਕਾਸ ਦੀਆਂ ਨਵੀਆਂ ਇਬਾਰਤਾਂ ਲਿਖੀਆਂ ਜਾ ਸਕਣ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਵਿਧਾਇਕ ਰਮਨ ਅਰੋੜਾ, ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਤੋਂ ਇਲਾਵਾ ਹੋਰ ਸਖਸ਼ੀਅਤਾਂ ਨੇ ਵੀ ਗੁਰੂ ਪੂਰਨਿਮਾ ਮਹੋਤਸਵ ਵਿੱਚ ਹਾਜ਼ਰੀ ਭਰੀ