ਫਗਵਾੜਾ 8 ਮਾਰਚ (ਸ਼਼ਿਵ ਕੋੋੜਾ) ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਪੂਰੇ ਵਿਸ਼ਵ ਵਿਚ ਹਰ ਸਾਲ ਦੀ ਤਰ੍ਹਾਂ 7 ਮਾਰਚ ਤੋਂ 13 ਮਾਰਚ ਤੱਕ ਵਿਸ਼ਵ ਗੁਲੂਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਗੁਲੂਕੋਮਾ (ਕਾਲਾ ਮੋਤੀਆ) ਅੱਖਾਂ ਦੀ ਬਹੁਤ ਹੀ ਭਿਆਨਕ ਬਿਮਾਰੀ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਅਗਰ ਚਲੀ ਜਾਵੇ ਤਾਂ ਵਾਪਸ ਨਹੀਂ ਆਉਂਦੀ। ਇਸ ਲਈ ਗੁਲੂਕੋਮਾ ਤੋਂ ਅੱਖਾਂ ਦੀ ਸੁਰੱਖਿਆ ਬਹੁਤ ਜਰੂਰੀ ਹੈ। ਡਾ. ਰਾਜਨ ਨੇ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ, ਸ਼ੁਗਰ, ਬਲੱਡ ਪਰੈਸ਼ਰ, ਥਾਇਰਾਈਡ ਅਤੇ ਗਠੀਆ ਰੋਗਾਂ ਤੋਂ ਪੀੜ੍ਹਤ ਮਰੀਜਾਂ ਅਤੇ ਜਿਹਨਾਂ ਵਿਅਕਤੀਆਂ ਦੇ ਅੱਖਾਂ ਵਿਚ ਕਦੇ ਕੋਈ ਸੱਟ ਲੱਗੀ ਹੋਵੇ, ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਕਾਲਾ ਮੋਤੀਆ ਰਿਹਾ ਹੋਵੇ ਜਾਂ ਉਹ ਮਰੀਜ ਜੋ ਸਟੀਰਾਇਡ ਲੈਂਦੇ ਹਨ, ਜਿਹਨਾਂ ਦੀ ਐਨਕ ਦਾ ਨੰਬਰ ਵਾਰ-ਵਾਰ ਬਦਲ ਰਿਹਾ ਹੋਵੇ ਜਾਂ ਸਿਰ ਵਿਚ ਦਰਦ ਰਹਿੰਦਾ ਹੈ ਤਾਂ ਕਾਲਾ ਮੋਤੀਆ ਦੀ ਜਾਂਚ ਤੁਰੰਤ ਕਰਵਾਈ ਜਾਣੀ ਚਾਹੀਦੀ ਹੈ। ਡਾ. ਰਾਜਨ ਦੇ ਅਨੁਸਾਰ ਵਿਸ਼ਵ ਗੁਲੂਕੋਮਾ ਹਫਤੇ ਦੌਰਾਨ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ ਗੁਲੂਕੋਮਾ ਪ੍ਰਤੀ ਵਿਸ਼ੇਸ਼ ਜਾਗਰੁਕਤਾ ਮੁਹਿਮ ਚਲਾਈ ਜਾ ਰਹੀ ਹੈ।