ਫਗਵਾੜਾ 12 ਮਾਰਚ (ਸ਼ਿਵ ਕੋੜਾ) ਪੰਜਾਬ ਮਾਸਟਰਜ਼ ਐਥਲੈਟਿਕ ਚੈਂਪੀਅਨਸ਼ਿਪ ਵਿਚ ਇੱਕ ਗੋਲਡ ਸਮੇਤ ਤਿੰਨ ਮੈਡਲ ਜਿੱਤਣ ਵਾਲੇ ਸਿਹਤ ਵਿਭਾਗ ਦੇ ਰਿਟਾਇਰਡ ਮੁਲਾਜ਼ਮ ਅਤੇ ਅਕਾਲੀ ਦਲ ਦੇ ਸਰਗਰਮ ਵਰਕਰ ਝਿਰਮਲ ਸਿੰਘ ਭਿੰਡਰ ਦਾ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਵੱਲੋਂ ਸਨਮਾਨ ਕੀਤਾ ਗਿਆ। ਉਨਾਂ ਦੇ ਸਨਮਾਨ ਲਈ ਇੱਕ ਸਮਾਗਮ ਯੂਥ ਅਕਾਲੀ ਦਲ ਕਪੂਰਥਲਾ ਦੇ ਜ਼ਿੱਲਾ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਵਿਚ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਸ.ਖੁਰਾਣਾ ਨੇ ਸ.ਭਿੰਡਰ ਨੂੰ ਅਕਾਲੀ ਦਲ ਦਾ ਹੀ ਨਹੀਂ ਸਗੋਂ ਪੂਰੇ ਫਗਵਾੜਾ ਦਾ ਮਾਣ ਦੱਸਦਿਆਂ ਕਿਹਾ ਕਿ ਪੰਜਾਬ ਚੈਂਪੀਅਨਸ਼ਿਪ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਸ.ਭਿੰਡਰ ਹੁਣ ਛੱਤੀਸਗੜ ਵਿਚ ਹੋ ਰਹੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਅਗਵਾਈ ਕਰਨਗੇ ਤੇ ਫਗਵਾੜਾ ਦਾ ਮਾਣ ਹੋਰ ਉੱਚਾ ਕਰਨਗੇ। ਉਨਾਂ ਨੇ ਸ.ਭਿੰਡਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਫਗਵਾੜਾ ਦੇ ਫਰੈਂਡਜ਼ ਕਾਲੋਨੀ ਵਾਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਵਰਕਰ 62 ਸਾਲਾ ਝਿਰਮਲ ਸਿੰਘ ਭਿੰਡਰ ਨੇ ਲਵਲੀ ਯੂਨੀਵਰਸਿਟੀ ਵਿਚ ਹੋਈ ਪੰਜਾਬ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ 60-65 ਸਾਲਾ ਗਰੁੱਪ ਵਿਚ ਭਾਗ ਲੈਂਦਿਆਂ ਸਖ਼ਤ ਮੁਕਾਬਲੇ ਵਿਚ ਜੈਵਲਿਨ ਥਰੋਂ ਵਿਚ ਇੱਕ ਗੋਲਡ ਮੈਡਲ, 3 ਕਿ.ਮੀ ਵਾਕ ਵਿਚ ਸਿਲਵਰ ਮੈਡਲ,100 ਮੀਟਰ ਦੋੜ ਵਿਚ ਸਿਲਵਰ ਮੈਡਲ ਜਿੱਤ ਕੇ ਫਗਵਾੜਾ ਸ਼ਹਿਰ ਨੂੰ ਮੈਡਲਾਂ ਦੀ ਸੂਚੀ ਵਿਚ ਲੈ ਕੇ ਆਂਦਾ। ਸਮਾਗਮ ਵਿਚ ਅਕਾਲੀ ਦਲ ਦੇ ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ, ਪ੍ਰਿਤਪਾਲ ਸਿੰਘ ਮੰਗਾ ,ਸੁਖਬੀਰ ਸਿੰਘ ਕਿੰਨੜਾ, ਹਰਵੇਲ ਸਿੰਘ ਪਾਹਵਾ , ਪਵਨ ਸੇਠੀ ਆਦਿ ਨੇ ਸ.ਭਿੰਡਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 62 ਸਾਲ ਦੀ ਉਮਰ ਵਿਚ ਮੈਡਲ ਜਿੱਤਣ ਦੀ ਖ਼ਬਰ ਨਾਲ ਹੋਰ ਲੋਕਾਂ ਨੂੰ ਵੀ ਉਤਸ਼ਾਹ ਮਿਲੇਗਾ। ਸ.ਭਿੰਡਰ ਨੇ 60 ਸਾਲ ਦੀ ਉਮਰ ਵਿਚ ਰਿਟਾਇਰ ਹੋਣ ਤੋਂ ਬਾਅਦ ਲੋਕਾਂ ਨੂੰ ਚੰਗੀ ਸਿਹਤ ਦਾ ਸੁਨੇਹਾ ਦੇਣ ਲਈ ਐਥਲੈਟਿਕਸ ਸ਼ੁਰੂ ਕੀਤੀ ਸੀ। ਪਿਛਲੇ ਸਾਲ ਕਈ ਮੁਕਾਬਲਿਆਂ ਵਿਚ ਹਿੱਸਾ ਲਿਆ ਪਰ ਤਕਨੀਕੀ ਸਿਕਲ ਨਾ ਹੋਣ ਕਰ ਕੇ ਉਨਾਂ ਨੂੰ ਮੈਡਲਾਂ ਤੋਂ ਵਾਂਝੇ ਰਹਿਣਾ ਪਿਆ। ਜਿਸ ਤੋਂ ਬਾਅਦ ਉਨਾਂ ਨੇ ਐਥਲੈਟਿਕਸ ਕੋਚ ਮੈਡਮ ਸਤਵੰਤ ਕੌਰ ਪਾਸੋਂ ਸਖ਼ਤ ਟਰੇਨਿੰਗ ਲਈ ਅਤੇ ਇੱਕ ਸਾਲ ਦੀ ਸਖ਼ਤ ਮਿਹਨਤ ਤੋ ਬਾਅਦ ਫਗਵਾੜਾ ਵਾਸੀਆਂ ਦੀ ਝੋਲੀ ਵਿਚ ਇੱਕ ਗੋਲਡ ਸਮੇਤ ਤਿੰਨ ਮੈਡਲ ਪਾਉਣ ਵਿਚ ਕਾਮਯਾਬ ਹੋਏ। ਉਨਾਂ ਦੱਸਿਆ ਕਿ ਛੱਤੀਸਗੜ ਵਿਚ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਪੰਜਾਬ ਦੀ ਅਗਵਾਈ ਕਰਨਗੇ ਅਤੇ ਪੰਜਾਬ ਲਈ ਵੱਡਾ ਮਾਣ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨਾਂ ਯੂਥ ਅਕਾਲੀ ਦਲ ਜ਼ਿੱਲਾ ਪ੍ਰਧਾਨ ਸ.ਖੁਰਾਣਾ ਅਤੇ ਉਨਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਲਈ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੋਕੇ ਰਣਜੀਤ ਸਿੰਘ ਸੰਦਲ , ਅਮਰ ਬਸਰਾ ਯੂਥ ਪ੍ਰਧਾਨ ਫਗਵਾੜਾ , ਮਨਪ੍ਰੀਤ ਸਿੰਘ ਲਾਡੀ , ਅਮ੍ਰਿਤ ਚਾਨਾ , ਦੀਪਾ ਵੀ ਹਾਜਰ ਸਨ।