
ਫਗਵਾੜਾ 13 ਨਵੰਬਰ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਵਿਚ ਗੰਨਾ ਮਿਲ ਫਗਵਾੜਾ ਦੇ ਮਾਲਕਾਂ ਨੇ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਨੇ ਏ.ਡੀ.ਸੀ. ਚਰਨਜੀਤ ਸਿੰਘ, ਐਸ.ਪੀ. ਸਰਬਜੀਤ ਸਿੰਘ ਅਤੇ ਐਸ.ਡੀ.ਐਮ. ਕੁਲਪ੍ਰੀਤ ਸਿੰਘ ਸਮੇਤ ਮੀਟਿੰਗ ਵਿਚ ਹਾਜਰ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਫਗਵਾੜਾ ਦੀ ਗੰਨਾ ਮਿਲ ਦੇ ਪ੍ਰਬੰਧਕਾਂ ਵਲ ਉਹਨਾਂ ਦਾ ਕਰੀਬ ਪੰਜਾਹ ਹਜਾਰ ਰੁਪਇਆ ਬਕਾਇਆ ਹੈ। ਕਿਸਾਨ ਲੰਬੇ ਸਮੇਂ ਤੋਂ ਆਪਣੀ ਬਕਾਇਆ ਰਕਮ ਲੈਣ ਲਈ ਸੰਘਰਸ਼ ਕਰ ਰਹੇ ਹਨ ਅਤੇ ਉਹਨਾਂ ਦੀ ਰਕਮ ਹੁਣ ਵਿਆਜ ਸਮੇਤ ਵਾਪਸ ਕੀਤੀ ਜਾਵੇ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਮਿਲ ਦੀ ਕੁੱਝ ਪ੍ਰਾਪਰਟੀ ਦੀ ਨਿਲਾਮੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਜਿਸ ਨਾਲ ਉਹ ਸੰਤੁਸ਼ਟ ਨਹੀਂ ਹਨ ਕਿਉਂਕਿ ਇਹ ਇਕ ਲੰਬੀ ਪ੍ਰਕ੍ਰਿਆ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਆਰਥਕ ਤੰਗੀ ਦੇ ਸ਼ਿਕਾਰ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਇਸ ਸੀਜਨ ਵਿਚ ਫਗਵਾੜਾ ਮਿਲ ਨੂੰ ਗੰਨੇ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਐਸ.ਡੀ.ਐਮ. ਚਰਨਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਗੱਲ ਸੁਣੀ ਗਈ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਗੁਲਜਿੰਦਰ ਸਿੰਘ ਕੁਲਾਰ, ਸੰਤੋਖ ਸਿੰਘ ਲਖਪੁਰ, ਕੁਲਵਿੰਦਰ ਸਿੰਘ ਕਾਲਾ ਅਠੌਲੀ, ਮੇਜਰ ਸਿੰਘ ਅਠੌਲੀ, ਗੁਰਪਾਲ ਸਿੰਘ ਮੌਲੀ, ਜਸਬੀਰ ਸਿੰਘ ਬੜਾ ਪਿੰਡ, ਬਲਜੀਤ ਸਿੰਘ ਹਰਦਾਸਪੁਰ, ਸੁਖਵਿੰਦਰ ਸਿੰਘ ਮਾਨਾਂਵਾਲੀ, ਅਮਰਜੀਤ ਸਿੰਘ ਸੰਧੂ, ਕ੍ਰਿਪਾਲ ਸਿੰਘ ਮੂਸਾਪੁਰ, ਰਣਜੀਤ ਸਿੰਘ ਅਠੌਲੀ ਆਦਿ ਹਾਜਰ ਸਨ।