ਫਗਵਾੜਾ 20 ਅਗਸਤ (ਸ਼ਿਵ ਕੋੜਾ) ਕੇਂਦਰ ਦੀ ਮੋਦੀ ਸਰਕਾਰ ਵਲੋਂ ਗੰਨੇ ਦੇ ਸਮਰਥਨ ਮੁੱਲ ਵਿਚ 10 ਰੁਪਏ ਪ੍ਰਤੀ ਕੁਵਿੰਟਲ ਵਾਧੇ ਦੇ ਬੀਤੇ ਦਿਨ ਕੀਤੇ ਐਲਾਨ ਨੂੰ ਗੰਨਾ ਕਿਸਾਨਾ ਨਾਲ ਮਜਾਕ ਦੱਸਦਿਆਂ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ 86 ਫੀਸਦੀ ਕਿਸਾਨੀ ਛੋਟੇ ਕਿਸਾਨ ਤੇ ਨਿਰਭਰ ਹੈ ਜੋ ਕਿ ਗਰੀਬ ਅਤੇ ਕਰਜਾਈ ਹੈ। ਇਹਨਾਂ ਵਿਚੋਂ ਹੀ ਰੋਜਾਨਾ ਖੁਦਕੁਸ਼ੀਆਂ ਕਰਨ ਦੀਆਂ ਖਬਰਾਂ ਮਿਲਦੀਆਂ ਹਨ। ਕੋਵਿਡ-19 ਕੋਰੋਨਾ ਮਹਾਮਾਰੀ ਨੇ ਕਿਸਾਨਾ ਦਾ ਬਹੁਤ ਆਰਥਕ ਨੁਕਸਾਨ ਕੀਤਾ ਹੈ। ਦੇਸ਼ ਦੇ ਕਾਫੀ ਹਿੱਸਿਆਂ ਵਿਚ ਹੜਾਂ ਦੀ ਮਾਰ ਵੀ ਕਿਸਾਨਾ ਨੂੰ ਝੱਲਣੀ ਪੈ ਰਹੀ ਹੈ। ਲੇਕਿਨ ਕੇਂਦਰ ਸਰਕਾਰ ਕਿਸਾਨਾ ਦੇ ਕਰਜੇ ਖਤਮ ਕਰਨ ਜਾਂ ਪੁਨਰ-ਪ੍ਰਬੰਧ ਕਰਨ ਦਾ ਕੋਈ ਉਪਰਾਲਾ ਕਰਨ ਦੀ ਬਜਾਏ ਮੰਡੀਆਂ ਨੂੰ ਹੀ ਖਤਮ ਕਰਨ ਦੀਆਂ ਯੋਜਨਾਵਾਂ ਤੇ ਕੰਮ ਕਰ ਰਹੀ ਹੈ। ਇਸ ਸਮੇਂ ਕਿਸਾਨ ਨੂੰ ਕੇਂਦਰ ਸਰਕਾਰ ਦੀ ਹਮਦਰਦੀ ਦੀ ਲੋੜ ਹੈ। ਜੇਕਰ ਗੰਨੇ ਦੇ ਮੁੱਲ ਵਿਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਸੇਧ ਲੈ ਕੇ 310 ਰੁਪਏ ਪ੍ਰਤੀ ਕਵਿੰਟਲ ਦੇ ਬਰਾਬਰ ਵੀ ਵਾਧਾ ਕੀਤਾ ਜਾਂਦਾ ਤਾਂ ਤਿਓਹਾਰਾਂ ਦੇ ਸੀਜਨ ਵਿਚ ਤਿਆਰ ਹੋਣ ਵਾਲੀ ਇਸ ਫਸਲ ਦੀ ਖੇਤੀ ਕਰ ਰਹੇ ਦੇਸ਼ ਭਰ ਦੇ ਗਰੀਬ ਕਿਸਾਨ ਨੂੰ ਵੱਡੀ ਰਾਹਤ ਮਿਲ ਸਕਦੀ ਸੀ ਪਰ ਇਕ ਵਾਰ ਫਿਰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਮੋਦੀ ਸਰਕਾਰ ਕਿਸਾਨ ਪੱਖੀ ਨਹੀਂ ਬਲਕਿ ਕਾਰਪੋਰੇਟ ਪੱਖੀ ਸਰਕਾਰ ਹੈ। ਗੰਨੇ ਦਾ ਭਾਅ ਸਿਰਫ 10 ਰੁਪਏ ਵਧਾ ਕੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਸਨੂੰ ਖੰਡ ਮਿਲਾਂ ਦੇ ਮਾਲਕਾਂ ਦੇ ਹਿਤ ਪਿਆਰੇ ਹਨ ਗੰਨੇ ਦੀ ਖੇਤੀ ਕਰਨ ਵਾਲੇ ਗਰੀਬ ਕਿਸਾਨ ਦੀ ਕੋਈ ਚਿੰਤਾ ਨਹੀਂ।