ਜਲੰਧਰ :- 1984 ਵਿਚ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਦੀ ਯਾਦ ਵਿਚ ਗਠਤ ਹੋਈ ਸੁਰਜੀਤ ਹਾਕੀ ਸੁਸਾਇਟੀ ਦੇ ਸ੍ਰੀ ਘਨਸ਼ਿਆਮ ਥੋਰੀ, ਆਈ.ਏ.ਐਸ. ਡਿਪਟੀ ਕਮਿਸ਼ਨਰ ਜਲੰਧਰ 19ਵੇਂ ਪ੍ਰਧਾਨ ਬਣੇ ਹਨ। ਸੁਸਾਇਟੀ ਦੇ ਵਰਕਿੰਗ ਪ੍ਰਧਾਨ ਓਲੰਪੀਅਨ ਪਰਗਟ ਸਿੰਘ, ਐਮ.ਐਲ.ਏ. ਜਲੰਧਰ ਕੈਂਟ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸੁਰਜੀਤ ਹਾਕੀ ਸੁਸਾਇਟੀ ਦੇ ਸਵਿਧਾਨ ਅਨੁਸਾਰ ਜਲੰਧਰ ਜ਼ਿਲੇ ਦੇ ਡਿਪਟੀ ਕਮਿਸਨਰ ਨੂੰ ਪ੍ਰਧਾਨ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ  ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਸੁਰਜੀਤ ਹਾਕੀ ਸੁਸਾਇਟੀ ਵਲੋਂ ਹਾਕੀ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੀਟਿੰਗ ਵਿਚ ਸਮੂਹ ਮੈਂਬਰ ਜਿਨ੍ਹਾਂ ਵਿਚ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ, ਸਕੱਤਰ ਇਕਬਾਲ ਸਿੰਘ ਸੰਧੂ (ਰਿਟ. ਏ.ਡੀ.ਸੀ.), ਜਨਰਲ ਸਕੱਤਰ ਐਲ.ਆਰ. ਨਈਅਰ (ਰਿਟ. ਆਈ.ਆਰ.ਐਸ.), ਅਮਰੀਕ ਸਿੰਘ ਪਵਾਰ (ਰਿਟ. ਡੀ.ਸੀ.ਪੀ.), ਤਰਸੇਮ ਸਿੰਘ ਪਵਾਰ, ਗੁਰਵਿੰਦਰ ਸਿੰਘ ਗੁੱਲੂ, ਰਣਬੀਰ ਸਿੰਘ ਟੁੱਟ, ਰਾਮ ਪ੍ਰਤਾਪ, ਕ੍ਰਿਪਾਲ ਸਿੰਘ ਮਠਾਰੂ, ਪੀ. ਐੱਸ. ਭਾਟੀਆ, ਸੁਰਿੰਦਰ ਸਿੰਘ ਭਾਪਾ, ਕਰਨਲ ਮਨਮੋਹਨ ਸਿੰਘ, ਬਲਦੇਵ ਸਿੰਘ ਰੰਧਾਵਾ, ਪ੍ਰਿੰਸ, ਐਨ. ਕੇ. ਅਗਰਵਾਲ ਸ਼ਾਮਿਲ ਸਨ। ਸੁਸਾਇਟੀ ਦੇ ਸਕੱਤਰ ਇਕਬਾਲ ਸੰਧੂ ਨੇ  ਘਨਸ਼ਿਆਮ ਥੋਰੀ ਨੂੰ ਸੁਸਾਇਟੀ ਦੀਆਂ ਸਰਗਰਮੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਨਵੇਂ ਪ੍ਰਧਾਨ  ਥੋਰੀ ਨੇ ਕਿਹਾ ਕਿ ਕੌਮੀ ਖੇਡ ਹਾਕੀ ਦੇ ਵਿਕਾਸ ਅਤੇ ਸੁਰਜੀਤ ਸਿੰਘ ਓਲੰਪੀਅਨ ਵਰਗੇ ਵਿਸ਼ਵ ਪ੍ਰਸਿੱਧ ਹਾਕੀ ਖਿਡਾਰੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਚ ਉਹ ਆਪਣਾ ਸਹਿਯੋਗ ਦੇ ਕੇ ਖੁਸ਼ੀ ਮਹਿਸੂਸ ਕਰਨਗੇ। ਉਹਨਾਂ ਸੁਸਾਇਟੀ ਦੇ ਮੈਂਬਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਸਬ ਜੂਨੀਅਰ ਅਤੇ ਜੂਨੀਅਰ ਪੱਧਰ ਦੇ ਖਿਡਾਰੀਆਂ ਵਲ ਵਿਸ਼ੇਸ਼ ਧਿਆਨ ਦਿਤਾ ਜਾਵੇ, ਤਾਂ ਜੋ ਇਹ ਖਿਡਾਰੀ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਸਕਣ। ਉਹਨਾਂ ਅੱਗੇ ਕਿਹਾ ਕਿ ਸੁਰਜੀਤ ਸੁਸਾਇਟੀ ਵਲੋਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਜੋ ਆਪਣੀ ਬਿਹਤਰੀਨ ਪਛਾਣ ਬਣਾਈ ਹੈ, ਇਸ ਦੇ ਲਈ ਸਮੂਹ ਮੈਂਬਰ ਵਧਾਈ ਦੇ ਹੱਕਦਾਰ ਹਨ।