ਜਲੰਧਰ: ਕਰਫ਼ਿਊ ਦੌਰਾਨ ਲੋਕਾਂ ਦੀਆਂ ਬੇਹੱਦ ਜਰੂਰੀ ਲੋੜਾਂ ਨੂੰ ਪੂਰਾ ਕਰਨ ਦੀ ਵਚਨਬੱਧਤਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਤੱਕ ਕਰਿਆਨਾ, ਸਬਜ਼ੀਆਂ ਅਤੇ ਦਵਾਈਆਂ ਪਹੁੰਚਾਉਣ ਲਈ ਲਗਾਇਆ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਟਾਕਿਸਟਾਂ ਅਤੇ ਪ੍ਰਚੂਨ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁਲੱਰ ਨੇ ਕਿਹਾ ਕਿ ਸਮੁੱਚੇ ਜਲੰਧਰ ਸ਼ਹਿਰ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡ ਕੇ ਦੁਕਾਨਦਾਰਾਂ ਨੂੰ ਲੋਕਾਂ ਦੇ ਘਰਾਂ ਤੱਕ ਕਰਿਆਨਾ, ਫ਼ਲ,ਸਬਜ਼ੀਆਂ,ਦੁੱਧ ਤੋਂ ਇਲਾਵਾ ਦਵਾਈਆਂ ਪਹੁੰਚਾਉਣ ਲਈ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨਾਂ ਦੁਕਾਨਦਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਸ ਜਾਰੀ ਕੀਤੇ ਜਾਣਗੇ ਅਤੇ ਉਨਾਂ ਦੇ ਮੋਬਾਇਲ ਨੰਬਰ ਜਨਤਕ ਕੀਤੇ ਜਾਣਗੇ ਤਾਂ ਜੋ ਲੋੜ ਪੈਣ ’ਤੇ ਲੋਕ ਇਨਾ ਨਾਲ ਸੰਪਰਕ ਕਰ ਸਕਣ। ਉਨ੍ਹਾ ਕਿਹਾ ਕਿ ਇਹ ਵੈਂਡਰ ਆਪਣੇ ਅਧਿਕਾਰਤ ਖੇਤਰ ਵਿੱਚ ਜ਼ਰੂਰੀ ਚੀਜਾਂ ਦੀ ਘਰ-ਘਰ ਸਪਲਾਈ ਕਰਨਗੇ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰਕਿਰਿਆ ਲੋਕਾਂ ਦੀਆਂ ਜਰੂਰਤਾਂ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਨ ਵਿੱਚ ਮਦਦਗਾਰ ਸਾਬਿਤ ਉਥੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਦਾ ਇਕੱਠ ਨਾ ਹੋ ਸਕੇ ਨੂੰ ਵੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਪਰ ਉਹ ਆਪਣੀਆਂ ਲੋੜਾਂ ਲਈ ਮੁਹੱਈਆ ਕਰਵਾਏ ਗਏ ਨੰਬਰਾਂ ’ਤੇ ਸੰਪਰਕ ਕਰਕੇ ਜਰੂਰੀ ਚੀਜਾਂ ਮੰਗਵਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫ਼ਲ, ਸਬਜੀਆਂ ਅਤੇ ਦੁੱਧ ਵਿਕਰੇਤਾ ਅਤੇ ਸਫ਼ਾਈ ਕਾਮੇ ਨੂੰ ਕਿਸੇ ਕੀਮਤ ’ਤੇ ਰੋਕਿਆ ਨਹੀਂ ਜਾਵੇਗਾ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਦਵਾਈਆਂ ਦੀ ਸਪਲਾਈ ਲਈ ਵੀ ਵੱਖ-ਵੱਖ ਦੁਕਾਨਦਾਰਾਂ ਨੂੰ ਖੇਤਰ ਅਲਾਟ ਕਰਕੇ ਉਨਾਂ ਦੇ ਮੋਬਾਇਲ ਨੰਬਰ ਜਨਤਕ ਕੀਤੇ ਜਾਣਗੇ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਦੁਕਾਨਾਂ ਨਹੀਂ ਖੋਲ੍ਹਣ ਦਿੱਤੀਆਂ ਜਾਣਗੇ ਅਤੇ ਜੇਕਰ ਕੋਈ ਦੁਕਾਨ ਖੋਲ੍ਹਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਦੁਕਾਨਦਾਰ ਲੋਕਾਂ ਨੂੰ ਘਰਾਂ ਤੱਕ ਚੀਜਾਂ ਪਹੁੰਚਾਉਣ ਲਈ ਮੁਕਤ ਹੋਣਗੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਅਤੇ ਅਰੁਣ ਸੈਣੀ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਅਤੇ ਪੀ.ਐਸ.ਭੰਡਾਲ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਸਹਾਇਕ ਕਮਿਸ਼ਨਰ ਵਰਜੀਤ ਵਾਲੀਆ ਅਤੇ ਹੋਰ ਵੀ ਹਾਜ਼ਰ ਸਨ।

———————–