ਲੁਧਿਆਣਾ :
ਕੁਹਾੜੀ ਨਾਲ ਆਪਣੇ ਪੂਰੇ ਪਰਿਵਾਰ ਨੂੰ ਕਤਲ ਕਰ ਦੇਣ ਵਾਲੇ ਪ੍ਰਾਪਰਟੀ ਕਾਰੋਬਾਰੀ ਦੀ ਲਾਸ਼ ਜਗਰਾਉਂ ਦੇ ਰੇਲਵੇ ਟਰੈਕ ਤੋਂ ਬਰਾਮਦ ਹੋਈ ਹੈ।ਪਤਨੀ, ਬੇਟੇ, ਨੂੰਹ ਅਤੇ ਪੋਤੇ ਨੂੰ ਕਤਲ ਕਰਨ ਤੋਂ ਬਾਅਦ ਮੰਗਲਵਾਰ ਤੋਂ ਹੀ ਕਾਰੋਬਾਰੀ ਘਰ ਤੋਂ ਗਾਇਬ ਸੀ।ਕਾਰੋਬਾਰੀ ਰਾਜੀਵ ਸੁੰਡਾ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਥਾਣਾ ਪੀਏਯੂ ਦੀ ਪੁਲਿਸ ਜਗਰਾਉਂ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ।
ਲੁਧਿਆਣਾ ਦੇ ਮਯੂਰ ਵਿਹਾਰ ਇਲਾਕੇ ਵਿਚ ਮੰਗਲਵਾਰ ਤੜਕੇ 70 ਸਾਲਾਂ ਦੇ ਪ੍ਰਾਪਰਟੀ ਕਾਰੋਬਾਰੀ ਰਾਜੀਵ ਸੁੰਡਾ ਨੇ ਆਪਣੇ ਪੁੱਤਰ ਆਸ਼ੀਸ਼ ਸੁੰਡਾ, ਨੂੰਹ ਗਰਿਮਾ ਸੁੰਡਾ, ਪਤਨੀ ਸੁਨੀਤਾ ਸੁੰਡਾ ਅਤੇ ਪੋਤਰੇ ਸਾਕੇਤ ਸੁੰਡਾ ਨੂੰ ਕੁਹਾੜੀ ਨਾਲ ਕਤਲ ਕਰ ਦਿੱਤਾ ਸੀ। ਪਰਿਵਾਰ ਨੂੰ ਕਤਲ ਕਰਦਿਆਂ ਦੇਖ ਪ੍ਰਾਪਰਟੀ ਕਾਰੋਬਾਰੀ ਦੇ ਪੋਤੇ ਸਾਕੇਤ ਨੇ ਆਪਣੇ ਮਾਮੇ ਨੂੰ ਫੋਨ ਤੇ ਸੂਚਨਾ ਦੇ ਦਿੱਤੀ, ਪਰ ਉਸ ਦੇ ਆਉਣ ਤੋਂ ਪਹਿਲੋਂ ਹੀ ਆਪਣੀ ਕਾਰ ਵਿੱਚ ਸਵਾਰ ਹੋ ਕੇ ਰਾਜੀਵ ਨੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਸਕੂਟਰ ਸਵਾਰ ਨੂੰ ਟੱਕਰ ਮਾਰਦੇ ਹੋਏ ਰਾਜੀਵ ਸੁੰਡਾ ਦੀ ਕਾਰ ਕੰਧ ਨਾਲ ਜਾ ਟਕਰਾਈ ਤੇ ਕਾਰ ਨੂੰ ਅੱਗ ਲੱਗ ਗਈ। ਰਾਜੀਵ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਰਾਜੀਵ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਫਰਾਰ ਹੋਣ ਤੋਂ ਪਹਿਲੋਂ ਰਾਜੀਵ ਨੇ ਆਪਣੇ ਘਰ ਵਿਚ ਹੀ ਇਕ ਸੁਸਾਈਡ ਨੋਟ ਛੱਡਿਆ ਸੀ। ਜਿਸ ਵਿੱਚ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਤੋਂ ਦੁਖੀ ਹੋਣ ਸਬੰਧੀ ਜਾਣਕਾਰੀ ਦਿੱਤੀ ਸੀ। ਮੰਗਲਵਾਰ ਤੋ ਹੀ ਰਾਜੀਵ ਘਰ ਤੋਂ ਗਾਇਬ ਸੀ। ਵੀਰਵਾਰ ਦੁਪਹਿਰੇ ਥਾਣਾ ਪੀਏਯੂ ਦੇ ਐਸਐਚਓ ਪਰਮਦੀਪ ਸਿੰਘ ਨੂੰ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਦੀ ਲਾਸ਼ ਜਗਰਾਉਂ ਰੇਲਵੇ ਟਰੈਕ ਤੋਂ ਬਰਾਮਦ ਹੋਈ ਹੈ। ਪੁਲਿਸ ਮੌਕੇ ਤੇ ਪਹੁੰਚੀ ਤਾਂ ਸਾਫ ਹੋਇਆ ਕਿ ਲਾਸ਼ ਕਾਰੋਬਾਰੀ ਦੀ ਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।