ਫਗਵਾੜਾ 27 ਨਵੰਬਰ (ਸ਼ਿਵ ਕੋੜਾ) ਸਥਾਨਕ ਮੁਹੱਲਾ ਹਦੀਆਬਾਦ ਸਥਿਤ ਚੱਢਿਆਂ ਦੀ ਧਰਮਸ਼ਾਲਾ ਰਾਧਾ ਕ੍ਰਿਸ਼ਨ ਮੰਦਰ ਵਿਖੇ ਨਿਤੀਨ ਚੱਢਾ ਅਤੇ ਸ਼ਿਲਪਾ ਚੱਢਾ ਦੇ ਪਰਿਵਾਰ ਵਲੋਂ ਤੁਲਸੀ ਮਾਤਾ ਅਤੇ ਸ਼ਾਲੀਗ੍ਰਾਮ ਦਾ ਵਿਆਹ ਸਮਾਗਮ ਪੂਰੇ ਸਨਾਤਨ ਰੀਤੀ ਰਿਵਾਜ ਅਨੁਸਾਰ ਕਰਵਾਇਆ ਗਿਆ। ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਇਸ ਦੋ ਦਿਨਾਂ ਸਮਾਗਮ ਵਿਚ ਮੇਹਿੰਦੀ ਦੀ ਰਸਮ ਤੋਂ ਲੈ ਕੇ ਸੈਂਤ ਅਤੇ ਫੇਰੇ ਪੂਰੇ ਵਿਧੀ ਵਿਧਾਨ ਨਾਲ ਕਰਵਾਏ ਗਏ। ਵਿਆਹ ਦੀਆਂ ਰਸਮਾ ਤੋਂ ਬਾਅਦ ਸ਼ਾਲੀਗ੍ਰਾਮ ਅਤੇ ਮਾਤਾ ਤੁਲਸੀ ਨੂੰ ਸੁੰਦਰ ਪਾਲਕੀ ਵਿਚ ਸਜਾ ਕੇ ਸ਼ੋਭਾ ਯਾਤਰਾ ਦੇ ਰੂਪ ਵਿਚ ਪੂਰੇ ਸ਼ਹਿਰ ਦੀ ਪਰਿਕ੍ਰਮਾ ਕਰਵਾਈ ਗਈ। ਸ਼ੋਭਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਮਾਤਾ ਤੁਲਸੀ ਅਤੇ ਸ਼ਾਲੀਗ੍ਰਾਮ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਰਿਆਂ ਨੂੰ ਇਸ ਸ਼ਾਨਦਾਰ ਵਿਆਹ ਸਮਾਗਮ ਦੀ ਵਧਾਈ ਦਿੱਤੀ। ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਸਨਾਤਨ ਸੰਸਕ੍ਰਿਤੀ ਦੁਨੀਆ ਦੀ ਸੱਭ ਤੋਂ ਪੁਰਾਣੀ ਸੰਸਕ੍ਰਿਤੀ ਹੈ ਜਿਸਦਾ ਸਤਿਕਾਰ ਕਰਦੇ ਹੋਏ ਸਨਾਤਨ ਰੀਤੀ ਰਿਵਾਜਾਂ ਨੂੰ ਜਾਰੀ ਰੱਖਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਇਸ ਮਹਾਨ ਵਿਰਾਸਤ ਨੂੰ ਧਰੋਹਰ ਵਜੋਂ ਸੰਭਾਲ ਸਕਣ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ। ਨਿਤਿਨ ਚੱਢਾ ਅਤੇ ਸ਼ਿਲਪਾ ਚੱਢਾ ਨੇ ਵਿਆਹ ਸਮਾਗਮ ਅਤੇ ਸ਼ੋਭਾ ਯਾਤਰਾ ਵਿਚ ਸਹਿਯੋਗ ਲਈ ਸਮੂਹ ਸ਼ਹਿਰਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।