ਫਗਵਾੜਾ 26 ਅਕਤੂਬਰ (ਸ਼ਿਵ ਕੋੜਾ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਜਿਲਾ ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਵਿਖੇ ਜਬਰ ਜਿਨਾਹ ਅਤੇ ਕਤਲ ਦੀ ਸ਼ਿਕਾਰ ਹੋਈ ਛੇ ਸਾਲਾ ਮਾਸੂਮ ਬੱਚੀ ਦੇ ਪਰਿਵਾਰ ਨਾਲ ਬੜੇ ਭਾਵੁਕ ਮਹੌਲ ਵਿਚ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਜਲਾਲਪੁਰ ਦੀ ਇਹ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਇਸ ਤਰਾ ਦੀ ਘਿਣੋਣੀ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ੍ਰ. ਮਾਨ ਨੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਨ ਉਪਰੰਤ ਕਿਹਾ ਕਿ ਦੋਸ਼ੀ ਨੂੰ ਮਿਸਾਲੀ ਸਜਾ ਦੁਆਈ ਜਾਵੇਗੀ ਤਾਂ ਜੋ ਭਵਿੱਖ ਵਿਚ ਦੁਬਾਰਾ ਕੋਈ ਅਜਿਹੀ ਨੀਚ ਹਰਕਤ ਕਰਨ ਦੀ ਕੋਸ਼ਿਸ਼ ਵੀ ਨਾ ਕਰ ਸਕੇ। ਉਹਨਾਂ ਕਿਹਾ ਕਿ ਮਾਸੂਮ ਦੀ ਜਿੰਦਗੀ ਨੂੰ ਤਾਂ ਵਾਪਸ ਨਹੀਂ ਲਿਆਇਆ ਜਾ ਸਕਦਾ ਪਰ ਪਰਿਵਾਰ ਦੀ ਆਰਥਕ ਸਮੇਤ ਹਰ ਤਰਾ ਦੀ ਮੱਦਦ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਵਿਦੇਸ਼ਾਂ ਤੋਂ ਵੀ ਪੀੜ•ਤ ਪਰਿਵਾਰ ਦੀ ਆਰਥਕ ਮੱਦਦ ਲਈ ਅੱਗੇ ਆਏ ਪਰਿਵਾਰਾਂ ਅਤੇ ਪਿੰਡ ਵਾਸੀਆਂ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਨਾਲ ਹੀ ਦੱਸਿਆ ਕਿ ਭਾਰਤੀ ਵਾਲਮਿਕ ਧਰਮ ਸਮਾਜ ਵਲੋਂ ਪਰਿਵਾਰ ਦਾ ਕੇਸ ਫਰੀ ਲੜਨ ਲਈ ਐਡਵੋਕੇਟ ਮਨੀਸ਼ ਰਾਏ ਦਾ ਪ੍ਰਬੰਧ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਇਸ ਮੌਕੇ ਭਾਵਾਧਸ ਦੇ ਕੌਮੀ ਮਹਾ ਮੰਤਰੀ ਰਵੀ ਸਿੱਧੂ, ਰਾਸ਼ਟਰੀ ਪ੍ਰਚਾਰਕ ਵਿਜੇ ਠਾਕਰ, ਮੋਹਨ ਲਾਲ ਪਹਿਲਵਾਨ, ਜਿਲਾ ਪ੍ਰਧਾਨ ਵਿੱਕੀ ਗਿਲ, ਸ਼ੰਕਰ ਸਹੋਤਾ, ਰਾਹੁਲ ਅਟਵਾਲ ਆਦਿ ਵੀ ਹਾਜਰ ਸਨ।