ਫਗਵਾੜਾ 2 ਨਵੰਬਰ (ਸ਼ਿਵ ਕੋੜਾ) ਪੰਜਾਬ ਵਿਚ ਛੋਟੀਆਂ ਬੱਚੀਆਂ ਅਤੇ ਔਰਤਾਂ ਨਾਲ ਜਬਰ ਜਿਨਾਹ ਵਰਗੇ ਸੰਗੀਨ ਗੁਨਾਹ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਗੱਲ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਹੀ। ਉਹਨਾਂ ਬਰਨਾਲਾ ਦੇ ਨੇੜਲੇ ਪਿੰਡ ‘ਚ ਜਬਰ ਜਿਨਾਹ ਦੀ ਸ਼ਿਕਾਰ ਹੋਈ ਚਾਰ ਸਾਲਾ ਦਲਿਤ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਉਪਰੰਤ ਫਗਵਾੜਾ ਵਿਖੇ ਗੱਲਬਾਤ ਦੌਰਾਨ ਕਹੀ। ਸ੍ਰ. ਮਾਨ ਨੇ ਕਿਹਾ ਕਿ ਬਰਨਾਲਾ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਲੇਕਿਨ ਦੋਸ਼ੀ ਨੂੰ ਸਖ਼ਤ ਸਜਾ ਦੁਆਉਣ ਲਈ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਚਨਬੱਧ ਹੈ। ਪੰਜਾਬ ਗੁਰੂਆਂ ਪੀਰਾਂ ਅਤੇ ਮਹਾਨ ਰਿਖੀ-ਮੁਨੀਆਂ ਦੀ ਪਵਿੱਤਰ ਜਨਮ ਅਤੇ ਕਰਮ ਭੂਮੀ ਹੈ। ਇੱਥੇ ਔਰਤਾਂ ਅਤੇ ਬੱਚੀਆਂ ਨੂੰ ਹਮੇਸ਼ਾ ਮਾਣ ਅਤੇ ਸਤਿਕਾਰ ਮਿਲਦਾ ਰਿਹਾ ਹੈ ਪਰ ਕੁਝ ਮਾੜੀ ਮਾਨਸਿਕਤਾ ਦੇ ਨੌਜਵਾਨ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਪੰਜਾਬ ਨੂੰ ਕਲੰਕਿਤ ਕਰਨਾ ਚਾਹੁੰਦੇ ਹਨ ਪਰ ਅਜਿਹਾ ਹਰਗਿਜ ਨਹੀਂ ਹੋਣ ਦਿੱਤਾ ਜਾਵੇਗਾ। ਬੱਚੀ ਦੇ ਪਰਿਵਾਰ ਦੇ ਦੁਖ ਵਿਚ ਕੈਪਟਨ ਸਰਕਾਰ ਅਤੇ ਪੂਰੀ ਕਾਂਗਰਸ ਪਾਰਟੀ ਸ਼ਾਮਲ ਹੈ। ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਹਨਾਂ ਜਿੱਥੇ ਉਕਤ ਮਾਮਲੇ ‘ਚ ਸਬੰਧਤ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਫੌਰੀ ਤੋਰ ਤੇ ਲਏ ਐਕਸ਼ਨ ਦੀ ਸ਼ਲਾਘਾ ਕੀਤੀ ਉੱਥੇ ਹੀ ਜੋਰ ਦੇ ਕੇ ਕਿਹਾ ਕਿ ਹੁਸ਼ਿਆਰਪੁਰ ਅਤੇ ਬਰਨਾਲਾ ਵਰਗੀਆਂ ਸਾਹਮਣੇ ਆਈਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜਾ ਦੁਆਈ ਜਾਵੇਗੀ ਜੋ ਸਮਾਜ ਲਈ ਮਿਸਾਲ ਬਣੇਗੀ। ਇੰਦਰਪਾਲ ਪੱਖੋ, ਰਵੀ ਸਿੱਧੂ, ਬਲਰਾਜ ਗਿਲ, ਜਰਨੈਲ ਸਿੰਘ, ਸੁਖਵਿੰਦਰ ਸਿੰਘ ਧਾਰੀਵਾਲ, ਲੱਕੀ ਪੱਖੋ ਆਦਿ ਨੇ ਵੀ ਬਰਨਾਲਾ ਦੀ ਪੀੜਤ ਬੱਚੀ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ।