ਜਲੰਧਰ 5 ਮਾਰਚ
ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਅੰਤਰ ਰਾਜੀ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਵੱਡੀ ਸਫ਼ਤਲਾ ਹਾਸਿਲ ਕਰਦਿਆਂ ਚਾਰ ਕਿਲੋ ਅਫ਼ੀਮ ਅਤੇ 50 ਕਿਲੋ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਇਕ ਅੰਤਰ ਰਾਜੀ ਗਿਰੋਹ ਇਲਾਕੇ ਵਿੱਚ ਅਫ਼ੀਮ ਅਤੇ ਭੁੱਕੀ ਦੀ ਸਪਲਾਈ ਕਰਨ ਦਾ ਕੰਮ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਆਈ.ਏ.ਸਟਾਫ਼-1 ਵੱਲੋਂ ਪਰਾਗਪੁਰ ਪੁਲਿਸ ਨਾਕੇ ਨੇੜੇ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਟਰੱਕ ਨੰਬਰ ਐਚ.ਆਰ. 68 ਏ 5148 ਫਗਵਾੜਾ ਤਰਫੋਂ ਆ ਰਿਹਾ ਸੀ, ਨੂੰ ਪੁਲਿਸ ਵਲੋਂ ਰੋਕਿਆ ਗਿਆ। ਸ੍ਰੀ ਭੁੱਲਰ ਨੇ ਦੱਸਿਆ ਕਿ ਟਰੱਕ ਡਰਾਈਵਰ, ਜਿਸ ਦੀ ਪਹਿਚਾਣ ਮਲਕੀਅਤ ਖਾਨ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਉਰਫ਼ ਜੀਤੀ ਵਜੋਂ ਹੋਈ, ਨੇ ਦੱਸਿਆ ਕਿ ਟਰੱਕ ਵਿੱਚ ਪਲਾਸਟਿਕ ਦਾ ਚੂਰਾ (ਦਾਣੇ) ਹੈ, ਜੋ ਬੱਦੀ ਅਤੇ ਪਟਿਆਲਾ ਵਿਖੇ ਸਪਲਾਈ ਕੀਤਾ ਜਾਣਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਪੁਲਿਸ ਮੇਜਰ ਸਿੰਘ ਦੀ ਦੇਖ-ਰੇਖ ਵਿੱਚ ਟਰੱਕ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਦੌਰਾਨ ਪਲਾਸਟਿਕ ਦੇ ਬੋਰਿਆਂ ਹੇਠਾਂ ਲੁਕਾਈ ਗਈ 50 ਕਿਲੋ ਭੁੱਕੀ ਅਤੇ ਟਰੱਕ ਦੇ ਕੈਬਿਨ ਵਿੱਚ ਰੱਖੀ ਗਈ ਚਾਰ ਕਿਲੋ ਅਫ਼ੀਮ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਅਤੇ ਉਸ ਦੇ ਸਾਥੀ ਨੁੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਜਲੰਧਰ ਕੈਂਟ ਪੁਲਿਸ ਥਾਣੇ ਵਿਖੇ ਧਾਰਾ 15, 18/61/85 ਐਨ.ਡੀ.ਪੀ.ਐਸ. ਐਕਟ ਤਹਿਤ ਐਫ.ਆਈ.ਆਰ.ਦਰਜ ਕਰ ਲਈ ਗਈ ਹੈ। ਸ਼੍ਰੀ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਸੂਬੇ ਵਿੱਚ ਨਸ਼ੇ ਦੀ ਤਸਕਰੀ ਕਰਨ ਵਾਲੇ ਅੰਤਰ ਰਾਜੀ ਗਿਰੋਹ ਨਾਲ ਮਿਲੇ ਹੋਏ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਉਹ ਨਸ਼ਿਆਂ ਦੇ ਕਾਰੋਬਾਰ ਨਾਲ ਪਿਛਲੇ ਤਿੰਨ ਸਾਲਾਂ ਤੋਂ ਜੁੜੇ ਹੋਏ ਹਨ ਅਤੇ ਨਸ਼ਿਆਂ ਦੀ ਇਸ ਖੇਪ ਕੌਮੀ ਹਾਈਵੇ ਸੜਕ ’ਤੇ ਤੈਅ ਕੀਤੀ ਗਈ ਥਾਂ ’ਤੇ ਕੁਝ ਵਿਅਕਤੀਆਂ ਨੂੰ ਸੌਂਪੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਕਸਰ ਨਸ਼ਿਆਂ ਦੀ ਖੇਪ ਨੂੰ ਚਿਤੋੜਗੜ੍ਹ (ਰਾਜਸਥਾਨ) ਤੋਂ ਲਿਆ ਕੇ ਸੂਬੇ ਵਿੱਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਕੇਸ ਸਬੰਧੀ ਅਗਲੇਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।