ਸ਼ੀਸ਼ੇ ਦੇ ਕੈਬਿਨ ਬਣਾ ਕੇ ਵੀ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ
ਜਲੰਧਰ (ਅਮਰਜੀਤ ਸਿੰਘ ਲਵਲਾ)
ਕੋਚਿੰਗ ਫੈੱਡਰੇਸ਼ਨ ਜਲੰਧਰ ਵੱਲੋਂ ਪ੍ਰਧਾਨ ਪ੍ਰੋਫੈਸਰ ਐੱਮ ਪੀ ਸਿੰਘ (ਕੈਮਿਸਟਰੀ ਗੁਰੂ) ਵੱਲੋਂ ਪ੍ਰੈੱਸ ਕਾਨਫ਼ਰੰਸ ਵਿੱਚ ਸੰਬੋਧਨ ਕਰਦੇ ਹੋਏ ਪ੍ਰਸ਼ਾਸਨ ‘ਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਹਰ ਛੋਟੇ ਵੱਡੇ ਕਿਤੇ ਨੂੰ ਖੋਲ੍ਹਣ ਲਈ ਸਰਕਾਰ ਵੱਲੋਂ ਨਿਯਮ ਤੈਅ ਕੀਤੇ ਗਏ ਹਨ।
i
ਉਸੇ ਤਰ੍ਹਾਂ ਕੋਚਿੰਗ ਸੈਂਟਰਾਂ ਨੂੰ ਵੀ ਨਿਯਮ ਤੈਅ ਕਰਕੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਬਾਬਤ ਜਲੰਧਰ ਦੇ ਡੀਸੀ ਘਨਸ਼ਾਮ ਥੋਰੀ ਦੇ ਪੀਏ ਨਾਲ ਵੀ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਮੈਮੋਰੰਡਮ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ, ‘ਤੇ ਕੋਰੋਨਾ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਅਗਲੇ ਨਿਯਮਾਂ ਦੀ ਘੋਸ਼ਣਾ ਤੱਕ ਇੰਤਜ਼ਾਰ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਅਜੇ ਕੋਚਿੰਗ ਫੈਡਰੇਸ਼ਨ ਦਾ ਦਾਇਰਾ ਜਲੰਧਰ ਤੱਕ ਹੀ ਸੀਮਤ ਹੈ। ਪਰ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਨੂੰ ਪੰਜਾਬ ਪੱਧਰ ਤੱਕ ਲਿਜਾਇਆ ਜਾਏਗਾ। ਉਨ੍ਹਾਂ ਪ੍ਰਸ਼ਾਸਨ ਉੱਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਜਿੱਥੇ ਬੱਚੇ ਬਰਗਰ ਦੀ ਰੇਹਡ਼ੀ ‘ਤੇ ਵਿਆਹ ਸਮਾਗਮਾਂ ਵਿੱਚ ਵੀ ਸ਼ਮੂਲੀਅਤ ਕਰ ਸਕਦੇ ਹਨ।
ਉਸਦੇ ਉਲਟ ਕੋਚਿੰਗ ਸੈਂਟਰਾਂ ਨੂੰ ਬੰਦ ਕਰਕੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਦੀ ਪੜ੍ਹਾਈ ਦੀ ਗੰਭੀਰਤਾ ਨੂੰ ਦੇਖਦੇ ਹੋਏ, ਬੱਚਿਆਂ ਨੂੰ ਕੋਚਿੰਗ ਸੈਂਟਰਾਂ ਵਿੱਚ ਪੜ੍ਹਾਉਣ ਲਈ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਵੀ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰਾਂ ਦੇ ਵਿੱਚ ਸਰਕਾਰ ਵੱਲੋਂ ਤੈਅ ਕੀਤੇ ਗਏ ਨੇਮਾਂ ਅਨੁਸਾਰ ਹਰ ਤਰ੍ਹਾਂ ਦੀ ਸੁਵਿਧਾ ਉਪਲੱਬਧ ਕਰਾਉਣ ਤੋਂ ਬਾਅਦ ਹੀ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕੋਚਿੰਗ ਸੈਂਟਰਾਂ ਦੇ ਵਿਚ ਆਉਣ ਵਾਲੇ ਹਰ ਬੱਚੇ ਨੂੰ ਕੋਰੋਨਾ ਰਿਪੋਰਟ ਲੈ ਕੇ ਆਉਣੀ ਵੀ ਲਾਜ਼ਮੀ ਕੀਤੀ ਜਾਵੇਗੀ, ਤਾਂ ਜੋ ਕਿਸੇ ਵੀ ਵਿਦਿਆਰਥੀ ਤੋਂ ਕਿਸੇ ਦੂਸਰੇ ਵਿਦਿਆਰਥੀ ਨੂੰ ਕੋਰੋਨਾ ਮਹਾਂਮਾਰੀ ਨਾ ਫੈਲ ਸਕੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਜਾਜ਼ਤ ਮਿਲਦੀ ਹੈ, ਤਾਂ ਉਹ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼ੀਸ਼ੇ ਦੇ ਛੋਟੇ ਛੋਟੇ ਕੈਬਿਨ ਬਣਾ ਕੇ ਵੀ ਬੱਚਿਆਂ ਨੂੰ ਪਡ਼੍ਹਾਈ ਕਰਵਾ ਸਕਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਦੇ ਨਾਲ ਨਾਲ ਇੱਕ ਚਿਤਾਵਨੀ ਵੀ ਦਿੱਤੀ ਕਿ ਅਗਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੋਚਿੰਗ ਫੈੱਡਰੇਸ਼ਨ ਜਲੰਧਰ ਦੇ ਨੁਮਾਇੰਦੇ ਸੜਕਾਂ ਤੇ ਉਤਰ ਸਕਦੇ ਹਨ। ਉਨ੍ਹਾਂ ਇਹ ਦਲੀਲ ਦਿੰਦੇ ਹੋਏ ਕਿਹਾ ਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਕੋਚਿੰਗ ਸੈਂਟਰਾਂ ਨੂੰ ਬੰਦ ਹੋਏ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਪਾਲਣ ਪੋਸ਼ਣ ਕਰਨ ਵਿਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ, ਕਿਉਂਕਿ ਬਹੁਤ ਸਾਰੇ ਕੋਚਿੰਗ ਸੈਂਟਰ ਬਹੁਤ ਵੱਡੇ ਕਿਰਾਏ ਨਾ ਦੇ ਸਕਣ ਦੀ ਸੂਰਤ ਵਿੱਚ ਬੰਦ ਵੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਅਧਿਆਪਕ ਕਦੇ ਵੀ ਨਹੀਂ ਚਾਹੇਗਾ ਕਿ ਉਸ ਦਾ ਵਿਦਿਆਰਥੀ ਕਦੇ ਬਿਮਾਰ ਹੋਵੇ। ਇਸ ਲਈ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੋਚਿੰਗ ਸੈਂਟਰ ਖੋਲ੍ਹੇ ਜਾਣਗੇ। ਇਸ ਮੌਕੇ ਕੈਮਿਸਟਰੀ ਗੁਰੂ ਤੋਂ ਪ੍ਰੋ ਐਮ ਪੀ ਸਿੰਘ, ਆਦਰਸ਼ ਭੱਟੀ ਗੁਰੂਕੁਲ, ਤਰੁਣ ਅਗਰਵਾਲ ਨਾਲੇਜ ਕੈਂਪਸ, ਪਰਮਿੰਦਰ ਸਿੰਘ ਸਟੱਡੀ ਹੱਟ, ਵਿਕਾਸ ਬੇਰੀ, ਬੇਰੀ ਫਾਊਂਡੇਸ਼ਨ, ਡਾ. ਜਸਪ੍ਰੀਤ ਸਿੰਘ ਟਰਨਿੰਗ ਪੁਆਇੰਟ, ਪੁਸ਼ਪਿੰਦਰ ਖੁੱਲਰ ਲਕਸ਼ ਇੰਸਟੀਚਿਊਟ, ਮਨਮੀਤ ਕੌਰ ਕਾਲੜਾ ਐਜੂਕੇਸ਼ਨ ਸਲੂਸ਼ਨ, ਇੰਦਰ ਅਰਬਨ ਕੋਚਿੰਗ ਸੈਂਟਰ ਅਤੇ ਦਲਜੀਤ ਸਿੰਘ ਮੈਥ ਪਲੈਨੈੱਟ ਤੋਂ ਮੌਜੂਦ ਰਹੇ।