ਫਗਵਾੜਾ (ਸ਼ਿਵ ਕੋੜਾ) ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਿਲੌਰ ਹਾਈਟੈੱਕ ਨਾਕੇ ਕੋਲੋਂ ਪੁਲਸ ਨੇ ਦੋ ਔਰਤਾਂ ਸਮੇਤ ਚਾਰ ਮੁਲਜ਼ਮਾਂ ਨੂੰ ਅਫ਼ੀਮ ਅਤੇ ਨਸ਼ੀਲੇ ਪਾਊਡਰ ਸਮੇਤ ਗ੍ਰਿ੍ਰਫ਼ਤਾਰ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫੜੇ ਗਏ ਮੁਲਜ਼ਮਾਂ ‘ਚੋਂ ਇਕ ਫਗਵਾੜਾ ਦਾ ਪੱਤਰਕਾਰ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਰਾਮ ਲੁਭਾਇਆ ਵਾਸੀ ਫਗਵਾੜਾ, ਮੰਨੂੰ ਚਾਵਲਾ ਵਾਸੀ ਫਗਵਾੜਾ, ਮੀਨਾ ਸੈਣੀ ਵਾਸੀ ਫਗਵਾੜਾ, ਆਂਚਲ ਵਾਸੀ ਫਗਵਾੜਾ ਵਜੋਂ ਹੋਈ ਹੈ। ਉਕਤ ਮੁਲਜ਼ਮਾਂ ਕੋਲੋਂ 850 ਗ੍ਰਾਮ ਅਫੀਮ, 75 ਗ੍ਰਾਮ ਹੈਰੋਇਨ, ਇਕ ਲੱਖ 22 ਹਜ਼ਾਰ ਦੀ ਭਾਰਤੀ ਕਰੰਸੀ, 5 ਮੋਬਾਇਲ ਫੋਨ ਅਤੇ ਇਕ ਬਰਿਜਾ ਗੱਡੀ ਬਰਾਮਦ ਕੀਤੀ ਗਈ ਹੈ।
ਸਤਿੰਦਰ ਸਿੰਘ, ਪੀ. ਪੀ. ਐੱਸ, ਸੀਨੀਅਰ ਪੁਲਸ ਕਪਤਾਨ ਜਲੰਧਰ (ਦਿਹਾਤੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 27-28 ਦੀ ਦਰਮਿਆਨੀ ਰਾਤ ਨੂੰ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਸਤਲੁਜ ਪੁੱਲ ‘ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਇਕ ਚਿੱਟੇ ਰੰਗ ਦੀ ਬਰੀਜਾ ਗੱਡੀ ਪੀ.ਬੀ.09-ਏ.ਜੇ. 3867 ਲੁਧਿਆਣਾ ਸਾਈਡ ਤੋਂ ਆਉਂਦੀ ਵਿਖਾਈ ਦਿੱਤੀ। ਇਸ ਦੌਰਾਨ ਪੁਲਸ ਪਾਰਟੀ ਨੂੰ ਵੇਖ ਕੇ ਗੱਡੀ ਰੋਕ ਕੇ ‘ਚ ਬੈਠੇ 2 ਵਿਅਕਤੀਆਂ ਤੇ ਦੋ ਔਰਤਾਂ ਗੱਡੀ ‘ਚੋਂ ਉਤਰ ਕੇ ਸ਼ਨੀ ਗਾਉ ਵੱਲ ਨੂੰ ਚੱਲ ਪਏ।
ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁੱਛਗਿੱਛ ਕਰਨ ‘ਤੇ ਗੱਡੀ ਚਾਲਕ ਨੇ ਆਪਣਾ ਨਾਮ ਰਾਮ ਲੁਭਾਇਆ ਉਰਫ ਰਾਮ ਪਾਲ ਪੁੱਤਰ ਲੇਟ ਰਮੇਸ਼ ਕੁਮਾਰ ਵਾਸੀ ਸਰਾਫਾ ਬਾਜ਼ਾਰ ਲਾਮੀਆ ਮੁਹੱਲਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ। ਦੂਜੇ ਨੌਜਵਾਨ ਨੇ ਆਪਣਾ ਨਾਮ ਮੰਨੂੰ ਚਾਵਲਾ ਪੁੱਤਰ ਗੁਰਵਿੰਦਰ ਸਿੰਘ ਚਾਵਲਾ ਵਾਸੀ ਡੱਡਲ ਮੁਹੱਲਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ। ਕਾਬੂ ਕੀਤੀਆਂ ਔਰਤਾਂ ਨੇ ਆਪਣਾ ਨਾਮ ਮੀਨਾ ਸੈਣੀ ਪਤਨੀ ਵਿਜੈ ਕੁਮਾਰ ਅਤੇ ਆਂਚਲ ਪੁੱਤਰੀ ਵਿਜੈ ਕੁਮਾਰ ਵਾਸੀਆਂ ਸੁਭਾਸ਼ ਨਗਰ ਬੇਦੀਆਂ ਮੁਹੱਲਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ।
ਪੁਲਸ ਨੇ ਰਾਮ ਲੁਭਾਇਆ ਵੱਲੋਂ ਸੁੱਟੇ ਲਿਫਾਫੇ ‘ਚੋਂ 450 ਗ੍ਰਾਮ ਅਫੀਮ ਬਰਾਮਦ ਕੀਤੀ ਮੰਨੂੰ ਚਾਵਲਾ ਵੱਲੋਂ ਸੁੱਟੇ ਲਿਫਾਫੇ ‘ਚੋਂ 400 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੀਨਾ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਆਂਚਲ ਵੱਲੋਂ ਸੁੱਟੇ ਲਿਫਾਫੇ ‘ਚੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਲੱਖ 22 ਹਜ਼ਾਰ ਦੀ ਭਾਰਤੀ ਕਰੰਸੀ, 5 ਮੋਬਾਇਲ ਫੋਨ ਅਤੇ ਇਕ ਬਰਿਜਾ ਗੱਡੀ ਬਰਾਮਦ ਕੀਤੀ ਗਈ ਹੈ। ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਵੱਲੋਂ ਮੁਕੱਦਮਾ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਫਿਲੌਰ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।
ਰਾਮ ਲੁਭਾਇਆ ਨੇ ਦੱਸਿਆ ਕਿ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਨਸ਼ੇ ਲਿਆ ਕੇ ਵੇਚ ਚੁੱਕਾ ਹੈ। ਉਥੇ ਹੀ ਦੂਜਾ ਦੋਸ਼ੀ ਮੰਨੂੰ ਚਾਵਲਾ ਵਾਸੀ ਪੱਤਰਕਾਰ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਮੀਨਾ ਸੈਣੀ ਖ਼ਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮੀਨਾ ਮਹਿਲਾ ਮੋਰਚਾ ਸੰਘ ਫਗਵਾੜਾ ਦੀ ਪ੍ਰਧਾਨ ਹੈ।
ਪੁੱਛਗਿੱਛ ਦੌਰਾਨ ਰਾਮ ਲੁਭਾਇਆ ਨੇ ਦੱਸਿਆ ਕਿ ਉਹ ਉਕਤ ਸਾਰੇ ਮੁਲਜ਼ਮ ਯੂ.ਪੀ. ਤੋਂ ਨਸ਼ਾ ਲੈਣ ਜਾਂਦੇ ਸਨ। ਇਹ ਸਾਰੇ ਜ਼ਿਲ੍ਹਾ ਬਿਜਨੋਰ ਸਟੇਟ ਯੂ. ਪੀ. ‘ਚੋਂ ਕਿਸੇ ਗਿੰਨੀ ਨਾਲ ਦੇ ਵਿਅਕਤੀ ਪਾਸੋਂ ਨਸ਼ਾ ਲੈ ਕੇ ਆਉਂਦੇ ਸਨ ਅਤੇ ਫਗਵਾੜਾ ਦੇ ਏਰੀਆ ਵਿੱਚ ਮਹਿੰਗੇ ਭਾਅ ‘ਤੇ ਵੇਚਦੇ ਹਨ। ਮੰਨੂੰ ਚਾਵਲਾ ਦਾ ਆਈ.ਡੀ. ਕਾਰਡ ਵਿਖਾ ਨੇ ਨਾਜਇਜ਼ ਫਾਇਦਾ ਚੁੱਕਦੇ ਸਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਨੇ ਨਸ਼ਾ ਤਸਕਰੀ ਕਰਨ ਦਾ ਇਕ ਗਰੋਹ ਬਣਾਇਆ ਹੋਇਆ ਹੈ। ਇਸ ਦੇ ਇਲਾਵਾ ਮੰਨੂੰ ਚਾਵਲਾ ਖ਼ਿਲਾਫ਼ ਵੀ ਫਗਵਾੜਾ ਥਾਣਾ ਸਿਟੀ ‘ਚ ਪਹਿਲਾਂ ਤੋਂ ਮਾਮਲਾ ਦਰਜ ਹੈ। ਫਿਲਹਾਲ ਪੁਲਸ ਵੱਲੋਂ ਫੜੇ ਗਏ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।