ਜਲੰਧਰ : ਜਲੰਧਰ ਦੇ ਹਰਦੇਵ ਨਗਰ ਇਲਾਕੇ ਵਿੱਚ ਉਸ ਵੇਲੇ ਸਨਸਨੀ ਫ਼ੈਲ ਗਈ ਜਦ ਕਾਲੋਨੀ ਦੇ ਨੇੜਿਉਂ ਲੰਘਦੀ ਨਹਿਰ ਵਿੱਚ ਇਕ ਵਿਅਕਤੀ ਦੀ ਲਾਸ਼ ਵੇਖ਼ੀ ਗਈ। ਇਲਾਕਾ ਨਿਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ’ਤੇ ਸ੍ਰੀ ਸੁਖ਼ਦੇਵ ਸਿੰਘ ਐਸ.ਐਚ.ਉ. ਡਿਵੀਜ਼ਨ ਨੰਬਰ 2 ਨੇ ਮੌਕੇ ’ਤੇ ਪੁੱਜ ਕੇ ਲਾਸ਼ ਬਾਹਰ ਕਢਵਾਈ। ਅਜੇ ਤਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਦੀ ਉਮਰ ਲਗਪਗ 34-35 ਸਾਲ ਦੱਸੀ ਜਾ ਰਹੀ ਹੈ। ਲਾਸ਼ ਪਾਏ ਜਾਣ ਸਮੇਂ ਉਸ ਨੇ ਕੇਵਲ ਪੈਂਟ ਪਾਈ ਹੋਈ ਸੀ। ਉਸ ਕੋਲੋਂ ਕੋਈ ਵੀ ਐਸੀ ਚੀਜ਼ ਬਰਾਮਦ ਨਹੀਂ ਹੋਈ ਜਿਸ ਤੋਂ ਉਸ ਦੀ ਸ਼ਨਾਖ਼ਤ ਕੀਤੀ ਜਾ ਸਕੇ। ਪਹਿਲੀ ਨਜ਼ਰੇ ਵੇਖ਼ਿਆਂ ਇਹ ਪਾਇਆ ਗਿਆ ਕਿ ਉਸ ਦੇ ਸਰੀਰ ’ਤੇ ਕਿਸੇ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਦੀ ‘ਮੋਰਚਰੀ’ ਵਿੱਚ ਰਖ਼ਵਾ ਦਿੱਤੀ ਹੈ ਅਤੇ ਮ੍ਰਿਤਕ ਦੀ ਸ਼ਨਾਖ਼ਤ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।