ਜਲੰਧਰ 29 ਅਕਤੂਬਰ 2020

ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ 15 ਸਾਲਾ ਲੜਕੀ ਕੁਸੁਮ ਜੋ ਕਿ ਸਥਾਨਕ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਹਮਲੇ ਦੌਰਾਨ ਗੰਭੀਰ ਜਖ਼ਮੀ ਹੋਣ ਦੇ ਬਾਵਜੂਦ ਹੌਸਲੇ ਤੇ ਹਿੰਮਤ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਜਿਸ ਸਦਕਾ ਇਕ ਲੁਟੇਰਾ ਕਾਬੂ ਕਰ ਲਿਆ ਗਿਆ ਸੀ ਲਈ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਜਲੰਧਰ  ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵਲੋਂ 2 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਕੁਸੁਮ ਨੂੰ ਸ਼ੁੱਕਰਵਾਰ ਨੂੰ ਉਸ ਵਲੋਂ ਦਿਖਾਈ ਗਈ ਬੇਮਿਸਾਲ ਬਹਾਦਰੀ ਬਦਲੇ ਸੌਂਪਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਦੇ ਬਹਾਦਰੀ ਭਰੇ ਕਾਰਨਾਮੇ ’ਤੇ ਪੰਜਾਬ ਅਤੇ ਜਲੰਧਰ ਨੂੰ ਬਹੁਤ ਮਾਣ ਹੈ ਅਤੇ ਇਹ ਉਸ ਵਲੋਂ ਦਿਖਾਏ ਗਏ ਬੇਮਿਸਾਲ ਹੌਸਲੇ ਦੀ ਪ੍ਰਸ਼ੰਸਾ ਹੈ ਜਿਸ ਨੇ ਲੁਟੇਰਿਆਂ ਦੇ ਮਨਸੂਬੇ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਕੁਸੁਮ ਦੇ ਨਾਮ ਦੀ ਕੌਮੀ ਅਤੇ ਰਾਜ ਬਹਾਦਰੀ ਐਵਾਰਡ ਲਈ ਸਿਫ਼ਾਰਸ਼ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਖੁਦ 10 ਸਤੰਬਰ ਨੂੰ ਕੁਸੁਮ ਨੂੰ ਇਕ ਲੱਖ ਰੁਪਏ ਦਾ ਚੈਕ ਸੌਂਪਿਆ ਗਿਆ ਹੈ। ਕੁਸੁਮ ਲਾਲਾ ਜਗਤ ਨਰਾਇਣ ਡੀ.ਏ.ਵੀ. ਮਾਡਲ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ 30 ਅਗਸਤ 2020 ਨੂੰ ਦੋ ਮੋਟਰ ਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਉਸ ਦੇ ਭਰਾ ਨੇ ਉਸ ਨੂੰ ਆਨ ਲਾਈਨ ਕਲਾਸਾਂ ਲਗਾਉਣ ਲਈ ਦਿੱਤਾ ਗਿਆ ਸੀ।

ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਕੁਸੁਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਦੇ ਗੁੱਟ ’ਤੇ ਗੰਭੀਰ ਸੱਟ ਲੱਗੀ। ਕੁਸੁਮ ਵਲੋਂ ਗੰਭੀਰ ਸੱਟ ਲੱਗਣ ਦੇ ਬਾਵਜੂਦ ਇਕ ਲੁਟੇਰੇ ਨੂੰ ਮੋਟਰਸਾਈਕਲ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ ਗਿਆ।