ਜਲੰਧਰ :- ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਹੋਏ ਘਪਲੇ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸੇ ਘਪਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵੱਲੋਂ ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਰੋਸ ਮਾਰਚ ਸ਼ੁਰੂ ਕੀਤਾ ਗਿਆ ਪਰ ਇਸ ਰੋਸ ਮਾਰਚ ਦੌਰਾਨ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਦਿੱਤਾ ਗਿਆ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਰੋਸ ਮਾਰਚ ਨੂੰ ਲੈ ਕੇ ਰੋਡ ਮੈਪ ਤਿਆਰ ਕੀਤਾ ਗਿਆ ਸੀ ਅਤੇ ਉਸੇ ਹਿਸਾਬ ਦੇ ਨਾਲ ਹੀ ਮਾਰਚ ਕਰਨ ਦਿੱਤਾ ਜਾਣਾ ਚਾਹੀਦਾ ਹੈ ਪਰ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਰਸਤੇ ‘ਚ ਰੋਕ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਨੇ ਕਿਹਾ ਸੀ ਕਿ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤੀ ਅਤੇ ਇਸ ਘਪਲੇ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕਰਵਾਉਣ ਲਈ ਇਹ ਯਾਤਰਾ ਪਾਰਟੀ ਵੱਲੋਂ ਕੱਢੀ ਜਾ ਰਹੀ ਹੈ, ਜਿਸ ਦਾ ਨਾਅਰਾ ‘ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖ਼ੈਰ ਹੈ’। ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਸੀ ਕਿ ਇਹ ਯਾਤਰਾ ਪਹਿਲੇ ਪੜਾਅ ‘ਚ ਦੋਆਬੇ ਦੇ ਚਾਰ ਹਲਕਿਆਂ ‘ਚ ਨਵਾਂਸ਼ਹਿਰ, ਜਲੰਧਰ, ਫਗਵਾੜਾ ਅਤੇ ਭੁਲੱਥ ਹਲਕੇ ‘ਚ ਕੱਢੀ ਜਾ ਰਹੀ ਹੈ, ਜਿਸ ‘ਚ ਆਟੋ ਰਿਕਸ਼ਾ ਰਾਹੀਂ ਲੋਕਾਂ ਦੇ ਸਨਮੁੱਖ ਹੋਇਆ ਜਾਵੇਗਾ। ਉਨ੍ਹਾਂ ਦੱਸਿਆ ਉਪਰੰਤ ਇਸ ਦੇ ਮਾਝੇ ਅਤੇ ਮਾਲਵੇ ‘ਚ ਇਹ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਆਮ ਲੋਕਾਂ ਨੂੰ ਕਾਂਗਰਸ ਦਾ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਹਲਕਿਆਂ ‘ਚ ਐੱਸ. ਸੀ. ਬਰਾਦਰੀ ਦੀ ਸੰਘਣੀ ਆਬਾਦੀ ਹੈ, ਉੱਥੇ ਇਹ ਯਾਤਰਾ ਜ਼ਿਆਦਾ ਸਮਾਂ ਲਈ ਰਹੇਗੀ।