ਕਾਰਤਾਰਪੁ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਸੁਲਤਾਨਪੁਰ ਲੋਧੀ ਤੇ ਡੇਰਾ ਬਾਬਾ ਨਾਨਕ ਵਿਖੇ 50 ਲੱਖ ਤੋਂ ਵੱਧ ਸੰਗਤ ਲਈ ਪੀਣ ਵਾਲੇ ਸਾਫ ਪਾਣੀ, ਪਖਾਨਿਆਂ ਦੀ ਵਿਵਸਥਾ ਆਦਿ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ ਵਾਲੇ 200 ਤੋਂ ਵੱਧ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜੰਗ-ਏ-ਆਜਾਦੀ ਯਾਦਗਾਰ ਵਿਖੇ ਹੋਏ ਸਮਾਗਮ ਦੌਰਾਨ ਵਿਭਾਗ ਦੇ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਵਿਭਾਗ ਦੇ ਵਧੀਕ ਸਕੱਤਰ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਨੇ ਕਿਹਾ ਕਿ ਸ਼ਤਾਬਦੀ ਸਮਾਗਮਾਂ ਦੌਰਾਨ 50 ਲੱਖ ਤੋਂ ਵੱਧ ਸੰਗਤ ਲਈ ਪੀਣ ਵਾਲਾ ਸਾਫ ਪਾਣੀ, ਪਖਾਨਿਆਂ ਦਾ ਵਿਵਸਥਾ ਤੇ ਉਨ੍ਹਾਂ ਦੀ ਰਹਿੰਦ ਖੂੰਹਦ ਨੂੰ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਤੱਕ ਪਹੁੰਚਾਉਣਾ, ਲੰਗਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ, ਪਾਣੀ ਦੀ ਕਲੋਰੋਨਾਈਜੇਸ਼ਨ ਇਕ ਵੱਡੀ ਚੁਣੌਤੀ ਸੀ, ਪਰ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਸੇਵਾ ਭਾਵਨਾ ਨਾਲ ਆਪੋ ਆਪਣੀ ਜਿੰਮੇਵਾਰੀ ਨਿਭਾਉਣ ਨਾਲ ਸ਼ਤਾਬਦੀ ਸਮਾਗਮ ਸਫਲਤਾਪੂਰਵਕ ਸੰਪਨ ਹੋਏ।
ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕੁਦਰਤੀ ਸਾਧਨਾਂ ਦੀ ਸਾਂਭ ਸੰਭਾਲ ਦੇ ਸੁਨੇਹੇ ਉੱਪਰ ਚਲਦਿਆਂ ਵਿਭਾਗ ਵਲੋਂ ਸ਼ਤਾਬਦੀ ਸਮਾਗਮਾਂ ਦੌਰਾਨ ਪਾਣੀ ਦੀ ਬਚਤ, ਧਰਤੀ ਹੇਠਲੇ ਪਾਣੀ ਨੂੰ ਗੰਦਾ ਨਾ ਕਰਨ ਬਾਰੇ ਵਿਸ਼ੇਸ਼ ਉਪਰਾਲੇ ਕੀਤੇ ਗਏ। ਉਨ੍ਹਾਂ ਸਾਰੇ ਅਧਿਕਾਰੀਆਂ, ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਜਿਨ੍ਹਾਂ ਕਰਮੀਆਂ ਨੇ ਸ਼ਤਾਬਦੀ ਸਮਾਗਮਾਂ ਦੌਰਾਨ ਤਨਦੇਹੀ ਨਾਲ ਡਿਊਟੀ ਨਿਭਾਈ ਉਹ ਵਡਭਾਗੇ ਹਨ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਆਈ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲਿਆ’।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸਮਾਗਮਾਂ ਦੌਰਾਨ ਲੱਖਾਂ ਦੀ ਗਿਣਤੀ ਵਿਚ ਸੰਗਤ ਦੀ ਆਮਦ ਦੇ ਮੱਦੇਨਜ਼ਰ ਅਲਾਹਾਬਾਦ ਵਿਖੇ ਕੁੰਭ ਮੇਲੇ ਲਈ ਕੀਤੇ ਜਾਂਦੇ ਪ੍ਰਬੰਧਾਂÎ ਦਾ ਜਾਇਜ਼ਾ ਲੈ ਕੇ ਵਿਸਥਾਰਤ ਯੋਜਨਾਬੰਦੀ ਕੀਤੀ ਗਈ । ਇਸ ਤੋਂ ਇਲਾਵਾ ਵਿਭਾਗ ਦੀਆਂ ਸੇਵਾਵਾਂ ਉੱਪਰ ਕਰੜੀ ਨਿਗਰਾਨੀ ਲਈ ਨਵੀਨਤਮ ਤਕਨੀਕਾਂ ਦੀ ਵੀ ਸੁਚੱਜੀ ਵਰਤੋਂ ਕੀਤੀ ਗਈ।
ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲਈ ਵੀ ਸ਼ਤਾਬਦੀ ਸਮਾਗਮਾਂ ਵਾਲੀ ਸਮਰਪਣ ਭਾਵਨਾ ਨਾਲ ਕੰਮ ਕਰਨ।
ਇਸ ਤੋਂ ਪਹਿਲਾਂ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਜੀ ਆਇਆਂ ਕਹਿਦਿੰਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਵੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਿਭਾਗ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਸਕੱਤਰ ਮੁਰੰਮਦ ਇਸ਼ਫਾਕ ਆਈ.ਏ.ਐਸ. ਨੇ ਦੱਸਿਆ ਕਿ ਵਿਭਾਗ ਵਲੋਂ ਸੇਵਾਵਾਂ ਦੀ ਨਿਗਰਾਨੀ ਲਈ ਬਣਾਈ ਗਈ ਵਿਸ਼ੇਸ਼ ਐਪ ‘ਡਬਲਿਊ ਐਸ ਐਸ 550’ ਰਾਹੀਂ ਸਮੁੱਚੀ ਵਿਵਸਥਾ ਨੂੰ ਕੰਟਰੋਲ ਕੀਤਾ ਗਿਆ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ 10 ਵਾਟਰ ਏ.ਟੀ.ਐਮ. 107 ਸਟੀਲ ਵਾਟਰ ਡਿਸਪੈਂਸਿੰਗ ਯੂਨਿਟ, 131 ਪਾਣੀ ਸਟੋਰੇਜ਼ ਯੂਨਿਟ, 8 ਟਿਊਬਵੈਲ ਲਗਾਏ ਗਏ। ਇਸ ਤੋਂ ਇਲਾਵਾ ਸਾਰਾ ਪਾਣੀ ਕਲੋਰੀਨ ਯੁਕਤ ਕਰਕੇ ਸਪਲਾਈ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤ ਦੀ ਸਹੂਲਤ ਲਈ 4000 ਆਰਜ਼ੀ ਪਖਾਨੇ ਬਣਾਏ ਗਏ ਅਤੇ 66 ਗੱਡੀਆਂ ਰਾਹੀਂ ਉਨ੍ਹਾਂ ਦੀ ਰਹਿੰਦ –ਖੂੰਹਦ ਨੂੰ ਜ਼ੀਰਾ ਤੇ ਮੱਖੂ ਦੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਵਿਖੇ ਲਿਜਾਇਆ ਗਿਆ ਤਾਂ ਜੋ ਸੁਲਤਾਨਪੁਰ ਲੋਧੀ ਵਿਖੇ ਧਰਤੀ ਹੇਠਲਾ ਪਾਣੀ ਗੰਦਲਾ ਨਾ ਹੋਵੇ।
ਇਸ ਤੋਂ ਇਲਾਵਾ ਔਰਤ ਸ਼ਰਧਾਲੂਆਂ ਲਈ 60 ਸੈਨਟਰੀ ਨੈਪਕਿਨ ਪੈਡ ਵਾਲੀਆਂ ਮਸ਼ੀਨਾਂ ਵੀ ਲਾਈਆਂ ਗਈਆਂ ਜਿਨ੍ਹਾਂ ਰਾਹੀਂ 15000 ਪੈਡ ਵੰਡੇ ਗਏ।
ਇਸ ਮੌਕੇ ਵਿਭਾਗ ਦੇ ਮੁੱਖ ਇੰਜੀਨੀਅਰ ਅਨਿਲ ਕੁਮਾਰ ਬਾਂਸਲ, ਵੱਖ-ਵੱਖ ਡਵੀਜ਼ਨਾਂ ਦੀ ਸੁਪਰਡੈਂਟ ਇੰਜੀਨੀਅਰ, ਐਕਸੀਅਨ, ਐਸ.ਡੀ.ਓਜ਼ ਤੇ ਹੋਰ ਕਰਮਚਾਰੀ ਹਾਜ਼ਰ ਸਨ।