ਕਰਤਾਰਪੁਰ,8 ਜੁਲਾਈ ( )- ਕੇਂਦਰ ਦੀ ਫਾਸ਼ੀਵਾਦੀ ਭਾਜਪਾ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਅਮਰਵੇਲ ਵਾਂਗ ਬੇਰੋਕ ਵੱਧ ਰਹੀ ਮਹਿੰਗਾਈ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜਲੰਧਰ- ਅੰਮਿ੍ਤਸਰ ਰੋਡ ਕਰਤਾਰਪੁਰ ਦੇ ਮੁੱਖ ਚੌਂਕ ਪੁੱਲ ਹੇਠਾਂ ਕਿਸਾਨਾਂ ਮਜ਼ਦੂਰਾਂ ਵਲੋਂ ਗੱਡੀਆਂ, ਮੋਟਰਸਾਈਕਲਾਂ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਕਰੋਨਾਂ ਕਾਲ ਦੇ ਝੰਭੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਮੁਨਾਫ਼ਾਖੋਰ ਕਾਰਪੋਰੇਟਸ ਘਰਾਣਿਆਂ ਦੇ ਪੱਖੀ ਆਰਥਿਕ ਨੀਤੀਆਂ ਕਾਰਨ ਹਰ ਵਸਤੂ ਦਾ ਭਾਅ ਦੁੱਗਣੇ-ਚੌਗੁਣੇ ਵਧਣ ਕਾਰਨ ਆਮ ਲੋਕਾਂ ਸਾਹਮਣੇ ਵੱਡਾ ਆਰਥਿਕ ਸੰਕਟ ਖੜ ਚੁੱਕਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਸਮੇਤ ਹੋਰ ਘਰੇਲੂ ਖਾਣ ਪੀਣ ਦੀਆਂ ਵਸਤਾਂ ਦੇ ਭਾਅ ਵੀ ਅਸਮਾਨੀ ਚੜ ਚੁੱਕੇ ਹਨ। ਇਸਦਾ ਮੁੱਖ ਕਾਰਨ ਨਿੱਜੀਕਰਨ ਅਤੇ ਦੇਸ਼ ਦਾ ਸਮੁੱਚਾ ਆਰਥਿਕ ਢਾਂਚਾ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਸੋਂਪਣਾ ਹੈ। ਹਾਕਮ ਹਰ ਖੇਤਰ ਅਤੇ ਹਰ ਅਦਾਰੇ ਨੂੰ ਕੌਡੀਆਂ ਦੇ ਭਾਅ ਅਡਾਨੀ-ਅੰਬਾਨੀ ਦੇ ਹਵਾਲੇ ਕਰ ਦਿੱਤਾ ਹੈ। ਲੋਕ ਵਿਰੋਧੀ ਇਹਨਾਂ ਨੀਤੀਆਂ ਖ਼ਿਲਾਫ਼ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ ਅਤੇ ਸਮੇਂ ਦੀ ਫ਼ਾਸ਼ੀਵਾਦੀ ਮੋਦੀ ਹਕੂਮਤ ਦਾ ਟਾਕਰਾ ਕਰਨ ਲਈ ਜੱਥੇਬੰਦ ਹੋਣਾ ਵੀ ਅਹਿਮ ਲੋੜ ਹੈ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਚ ਵੀ ਜ਼ਰੂਰੀ ਵਸਤਾਂ ਨੂੰ ਸਟੋਰੇਜ ਕਰਨ ਦਾ ਅਧਿਕਾਰ ਕਾਰਪੋਰੇਟਾਂ ਨੂੰ ਸੌਂਪਣ ਦਾ ਮਤਲਬ ਗਰੀਬ ਮਜ਼ਦੂਰ ਕਿਸਾਨ ਦੇ ਹੱਥ ਤੋਂ ਰੋਟੀ ਚੁੱਕਣ ਬਰਾਬਰ ਹੈ।ਇਸ ਲਈ ਇਹ ਕਾਨੂੰਨਾਂ ਦਾ ਰੱਦ ਹੋਣਾ ਬੇਹੱਦ ਜ਼ਰੂਰੀ ਹੈ ਤੇ ਸਭ ਨੂੰ ਇਸ ਅੰਦੋਲਨ ਨੂੰ ਜਿੱਤ ਤੱਕ ਪਹੁੰਚਾਉਣ ਲਈ ਅਹਿਮ ਭੂਮਿਕਾ ਨਿਭਾਉਣੀ ਪਏਗੀ।ਇਹ ਕਾਨੂੰਨ ਇਕੱਲੇ ਕਿਸਾਨੀ ਨੂੰ ਨਹੀਂ ਸਮੁੱਚੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ।
ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ ਦਿਆਲਪੁਰ, ਗੁਰਪ੍ਰੀਤ ਸਿੰਘ ਚੀਦਾ,ਵੀਰ ਕੁਮਾਰ ਆਦਿ ਨੇ ਸੰਬੋਧਨ ਕੀਤਾ।