ਪਟਿਆਲਾ : ਮਾਰਚ 2020 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ ਤੇ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਮਾਣਯੋਗ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐਸ. ਵੱਲੋਂ ਮਿੱਥੇ ਸੌ ਫੀਸਦੀ ਟੀਚੇ ਨੂੰ ਸਰ ਕਰਨ ਲਈ ਹਰ ਜ਼ਿਲ੍ਹੇ ਵਿੱਚ ਪਲਾਨਿੰਗ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸ੍ਰ. ਕੁਲਭੂਸ਼ਣ ਸਿੰਘ ਬਾਜਵਾ ਵੱਲੋਂ ਪੜ੍ਹੋ ਪੰਜਾਬ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਸਥਾਨਕ ਸਰਕਾਰੀ ਇਨ ਸਰਵਿਸ ਟ੍ਰੇਨਿੰਗ ਸੰਸਥਾ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ । ਜਿਸ ਵਿੱਚ ਸਤੰਬਰ ਮਹੀਨੇ ਵਿੱਚ ਹੋਈ ਪ੍ਰੀਖਿਆ ਵਿੱਚ 40 ਫੀਸਦੀਤੋਂ ਘੱਟ ਅਤੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਵਧੇਰੇ ਫੋਕਸ ਕਰਨ ਦੀ ਰਣਨੀਤੀ ਬਣਾਈ ਗਈ । ਇਸ ਤੋਂ ਇਲਾਵਾ ਇਹ ਪਲਾਨਿੰਗ ਵੀ ਕੀਤੀ ਗਈ ਕਿ ਕਿਵੇਂ ਬੋਰਡ ਦੀਆਂ ਜਮਾਤਾਂ ਵਿੱਚੋਂ ਸੌ ਫੀਸਦੀ ਨਤੀਜਾ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਮੌਕੇ ਡਿਪਟੀ ਡੀਈਓ ਸੁਖਵਿੰਦਰ ਖੋਸਲਾ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਪ੍ਰਭਸਿਮਰਨ ਕੌਰ, ਕੁਲਬੀਰ ਕੌਰ, ਅਭਿਨਵ ਜੋਸ਼ੀ, ਨਵਨੀਤ ਅਨਾਇਤਪੁਰੀ ਤੋਂ ਇਲਾਵਾ ਸਮੂਹ ਬਲਾਕ ਮੈਂਟਰ ਹਾਜ਼ਰ ਰਹੇ ।