ਕਰਤਾਰਪੁਰ :ਅੱਜ ਮਿਤੀ 20 ਅਗਸਤ ਦਿਨ ਐਤਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ ਉੱਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੀ ਅਗਵਾਈ ਵਿਚ ਭਾਰਤ ਪਾਕਿਸਤਾਨ ਵੰਡ ਦੀ ਭੇਂਟ ਚੜ੍ਹੇ 10 ਲੱਖ ਪੰਜਾਬੀਆਂ ਅਤੇ ਉਜਾੜੇ ਦਾ ਸ਼ਿਕਾਰ ਹੋਏ 1 ਕਰੋੜ ਤੋਂ ਵੱਧ ਪੰਜਾਬੀਆਂ ਦੀ ਯਾਦ ਵਿਚ ਅਰਦਾਸ ਸਮਾਗਮ ਰੱਖਿਆ ਗਿਆ ਜਿਸ ਵਿਚ ਵੱਖ ਵੱਖ ਜੱਥੇਬੰਦੀਆਂ ਦੇ ਬੁਲਾਰੇ ਸ਼ਾਮਲ ਹੋਏ ।
ਇਸ ਦੌਰਾਨ ਗੱਲ ਕਰਦੇ ਹੋਏ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਸੁਖਦੇਵ ਸਿੰਘ ਫਗਵਾੜਾ ਨੇ ਕਿਹਾ ਕੇ ਵੰਡ ਦੌਰਾਨ ਜੋ ਨਫਰਤੀ ਮਾਹੌਲ ਸਿਰਜਿਆ ਗਿਆ ਹੁਣ ਵੱਖ ਵੱਖ ਸੂਬਿਆ ਵਿਚ ਓਹੀ ਮਾਹੌਲ ਫਿਰ ਬਣਾਇਆ ਜਾ ਰਿਹਾ ਹੈ, ਉਨਾ ਕਿਹਾ ਕਿ ਸਿੱਖ ਸਭ ਤੋ ਵੱਧ ਨੁਕਸਾਨ ਵੰਡ ਅਤੇ ਹੁਣ ਤੱਕ ਹੋਈਆਂ ਜੰਗਾਂ ਦਾ ਝੇਲ ਕੇ ਵੀ ਸਰਹੱਦਾਂ ਤੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਹੇ ਹਾਂ ਅਤੇ ਜਿਨਾਂ ਨੂੰ ਮੁਫਤ ਦੇ ਭਾਅ ਆਜ਼ਾਦੀ ਮਿਲੀ ਉਹ ਜੰਗ ਦੇ ਸਿਆਸੀ ਲਲਕਾਰੇ ਮਾਰ ਰਹੇ ਹਨ । ਇਸ ਦੌਰਾਨ ਬੋਲਦੇ ਹੋਏ ਯੂਨਾਇਟੇਡ ਸਿੱਖ ਸਟੂਡੈਂਟ ਵੱਲੋਂ ਅਮਰਿੰਦਰ ਸਿੰਘ ਨੇ ਬੋਲਦੇ ਹੋਏ ਦੱਸਿਆ ਕੇ ਵੰਡ ਪੰਜਾਬ ਉੱਤੇ ਵੱਡਾ ਜਖਮ ਰਿਹਾ ਇਸ ਨੂੰ ਭੁਲਾ ਦੇਣਾ ਆਪਣੇ ਇਤਿਹਾਸ ਤੋਂ ਮੁਨਕਰ ਹੋਣ ਵਰਗਾ ਹੈ, ਇਹ ਆਜ਼ਾਦੀ ਸਿੱਖਾਂ ਦੀਆਂ ਲਾਸ਼ਾ ਉੱਤੇ ਸਿਰਜੀ ਗਈ ਹੈ, ਇਸਦੀ ਬੁਨਿਆਦ ਵਿਚ ਸਿੱਖਾਂ ਦਾ ਖੂਨ ਹੈ, ਇਸ ਦੌਰਾਨ ਗੱਲ ਕਰਦੇ ਹੋਏ ਆਲਮੀ ਪੰਜਾਬੀ ਸੰਗਤ ਤੋਂ ਗੰਗਵੀਰ ਸਿੰਘ ਰਾਠੌਰ ਨੇ ਕਿਹਾ ਕੇ ਜਿੱਥੇ ਵੰਡ ਨੇ ਸਾਡੀ ਸੱਭਿਅਤਾ ਦਾ ਘਾਣ ਕੀਤਾ ਹੈ ਓਥੇ ਪੰਜਾਬ ਬਾਰਡਰ ਤੇ ਜੰਗੀ ਮਸ਼ਕਾ ਪੂਰੇ ਦੱਖਣ ਏਸ਼ੀਆ ਨੂੰ ਤਬਾਹੀ ਉੱਤੇ ਲੈ ਜਾਣ ਵਾਲਾ ਹੋਵੇਗਾ, ਇਹ ਮਸ਼ਕਾ ਬੰਦ ਕਰਕੇ ਸਾਨੂੰ ਭਵਿੱਖ ਦਾ ਸੋਚਦੇ ਹੋਏ ਬਾਰਡਰ ਖੋਲਦੇ ਹੋਏ ਆਪਣੀ ਵਪਾਰ ਅਤੇ ਆਉਣਾ ਜਾਣਾ ਸੌਖਾ ਕਰਨਾ ਚਾਹੀਦਾ ਹੈ ਅਤੇ ਬ੍ਰਹਮ ਸ਼ੇਖ ਦਰਬਾਰ ਸਮੇਤ ਸਾਰੇ ਲਾਂਘੇ ਖੋਲਦੇ ਹੋਏ ਇਹਨਾਂ ਲਾਂਘਿਆ ਦਾ ਲਾਭ ਕਿਸੇ ਵੱਡੇ ਪੂੰਜੀਪਤੀ ਵਪਾਰੀ ਦੀ ਥਾਂ ਦੋਹਾਂ ਪਾਸੇ ਪੰਜਾਬ ਦੇ ਵਪਾਰੀ, ਨੌਜਵਾਨੀ ਅਤੇ ਕਿਰਤੀਆਂ ਨੂੰ ਦੇਣਾ ਚਾਹੀਦਾ ਹੈ, ਇਸ ਮੌਕੇ ਗੱਲ ਕਰਦੇ ਹੋਏ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕੇ ਇਸ ਲਾਂਘੇ ਨੂੰ ਖੋਲਣ ਲਈ ਲੱਖਾਂ ਲੋਕਾਂ ਦੀਆਂ ਅਰਦਾਸਾਂ ਲੱਗੀਆਂ ਹਨ ਉਹਨਾਂ ਦੇ ਪਿਤਾ ਜੀ ਵੀ ਇਸ ਲਾਂਘੇ ਦੇ ਖੁੱਲਣ ਦੀ ਅਰਦਾਸ ਕਰਦੇ ਹੋਏ ਹੀ ਇਸ ਦੁਨੀਆਂ ਤੋਂ ਤੁਰ ਗਏ, ਇਸ ਮੌਕੇ ਗੱਲ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕੇ ਇਹ ਉਪਰਾਲਾ ਪਿੱਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਅਤੇ ਇਸ ਵਾਰ ਵੀ ਇਸ ਸਮਾਗਮ ਨੂੰ ਅੱਗੇ ਤੌਰਦੇ ਹੋਏ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕਰਦੇ ਹਾਂ ਅਤੇ ਸ਼੍ਰੋਮਣੀ ਕਮੇਟੀ ਭਾਰਤ ਪਾਕਿਸਤਾਨ ਸਰਕਾਰ ਅੱਗੇ ਲੰਮੇ ਸਮੇਂ ਤੋਂ ਮੰਗ ਕਰਦੀ ਹੈ ਕੇ ਕਰਤਾਰ ਪੁਰ ਸਾਹਿਬ ਵਿਚ ਲਗਾਤਾਰ ਰਾਗੀ ਜੱਥੇ ਭੇਜਣ ਦੀ ਬੇਨਤੀ ਕੀਤੀ ਹੈ ਜੋ ਹਰ ਬਾਰ ਨਾਮਨਜੂਰ ਹੋ ਜਾਂਦੀ ਹੈ,ਅਖੀਰ ਇਸ ਮੌਕੇ ਬੋਲਦੇ ਹੋਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕੇ ਪੰਜਾਬ ਖਾਸ ਕਰ ਸਿੱਖਾਂ ਨੇ ਇਹ ਆਜ਼ਾਦੀ ਵੱਡੀ ਕੀਮਤ ਦੇ ਕੇ ਲਈ ਹੈ ਸਾਡੇ 500 ਤੋਂ ਵੱਧ ਗੁਰਧਾਮ ਸਾਡੇ ਤੋਂ ਵਿਛੋੜ ਦਿੱਤੇ ਗਏ ਅਤੇ ਅੰਗਰੇਜ ਦੌਰ ਵਿਚ ਆਰਥਿਕ ਪੱਖ ਤੋਂ ਅਮੀਰ ਸਿੱਖ ਕੌਮ ਨੂੰ ਪਾਕਿਸਤਾਨ ਵਿਚ 67 ਲੱਖ ਕਿੱਲੇ ਦੇ ਮੁਕਾਬਲੇ ਸਿਰਫ 47 ਲੱਖ ਦੇ ਏਕੜ ਦੇ ਕਰੀਬ ਜਮੀਨ ਅਲਾਟ ਹੋਈ ਜਿਹੜਾ ਕੇ ਵੱਡਾ ਘਾਟਾ ਸੀ, ਇਸਦੇ ਨਾਲ ਹੀ ਪਾਕਿਸਤਾਨ ਦੀ ਕੁੱਲ ਜਮੀਨ ਵਿੱਚੋ 43 ਲੱਖ ਏਕੜ ਜਮੀਨ ਬਹੁਤ ਉਪਜਾਊ ਸੀ ਜਿਸਦੇ ਮੁਕਾਬਲੇ ਸਾਨੂੰ ਸਿਰਫ 13 ਲੱਖ ਏਕੜ ਜਮੀਨ ਮਿਲੀ ਜਿੱਥੇ ਪਾਕਿਸਤਾਨ ਵਿਚ 26 ਲੱਖ ਏਕੜ ਜਮੀਨ ਨੂੰ ਨਹਿਰੀ ਪਾਣੀ ਲੱਗ ਰਿਹਾ ਸੀ ਉਸਦੇ ਮੁਕਾਬਲੇ ਸਾਨੂੰ ਸਿਰਫ 4 ਲੱਖ ਏਕੜ ਜਮੀਨ ਨਹਿਰੀ ਪਾਣੀ ਵਾਲੀ ਨਸੀਬ ਹੋਈ, ਪਰ ਸਿੱਖਾਂ ਨੇ ਉਜਾੜੇ ਤੋਂ ਬਾਅਦ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਹਨਤ ਨਾਲ ਜਮੀਨ ਆਬਾਦ ਕਰ ਲਈ ਹੈ ਪਰ ਹੁਣ ਪੰਜਾਬ ਦੇ ਬੱਚੇ ਪੰਜਾਬ ਛੱਡ ਰਹੇ ਨੇ ਜਿਹੜਾ ਕੇ ਸਾਡੇ ਲਈ ਵੱਡਾ ਘਾਟਾ ਹੈ, ਸਿੰਘ ਸਾਹਿਬ ਨੇ ਇਹ ਵੀ ਅਪੀਲ ਕੀਤੀ ਕੇ ਚਾਹੇ ਦੁਨੀਆਂ ਭਰ ਵਿਚ ਕਾਰੋਬਾਰ ਕਰੋ ਪਰ ਪੰਜਾਬ ਤੋਂ ਪੈਰ ਨਾ ਛੱਡੋ, ਇਸਦੇ ਨਾਲ ਹੀ ਉਹਨਾਂ ਗੁਰੂ ਸਾਹਿਬ ਅੱਗੇ ਦੋਹਾਂ ਪਾਸੇ ਦੇ ਸਿੱਖਾਂ ਨੂੰ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਬੇਨਤੀ ਕੀਤੀ, ਇਸ ਸਮਾਗਮ ਵਿਚ ਆਈ ਹੋਈ ਸੰਗਤ ਦਾ ਧੰਨਵਾਦ ਪਰਮਪਾਲ ਸਿੰਘ ਵੱਲੋਂ ਕੀਤਾ ਗਿਆ। ਇਸ ਮੋਕੇ ਕੋਮੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਸਿੰਘ ਧਾਰੀਵਾਲ , ਖੇਮਕਰਨ ਤੋ ਵਿਧਾਇਕ ਸਰਵਣ ਸਿੰਘ ਧੁੰਨ , ਸਿੱਖਸ ਫਾਰ ਇਕੁਐਲਿਟੀ ਫਾਂਊਡੇਸ਼ਨ ਦੇ ਆਗੂ ਸਰਬਜੀਤ ਸਿੰਘ ਫਗਵਾੜਾ , ਪ੍ਰਦੀਪ ਸਿੰਘ ਪੱਟੀ , ਫੈਡਰੇਸ਼ਨ ਆਗੂ ਜੁਗਰਾਜ ਸਿੰਘ , ਸਿੱਖ ਪ੍ਰਚਾਰਕ ਅਮਰਜੀਤ ਸਿੰਘ ਸੁਰਸਿੰਘ , ਬਾਬਾ ਹਰਦੀਪ ਸਿੰਘ ਆਦਿ ਹਾਜ਼ਰ ਸਨ ।