ਫਗਵਾੜਾ 3 ਮਈ (ਸ਼਼ਿਵ ਕੋੋੜਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਕੋਵਿਡ-10 ਕੋਰੋਨਾ ਮਹਾਮਾਰੀ ਦੀ ਰੋਕਥਾਮ ਅਤੇ ਲੋੜਵੰਦਾਂ ਤੱਕ ਜਰੂਰੀ ਸਹੂਲਤਾਂ ਪਹੁੰਚਾਉਣ ਦੇ ਮਕਸਦ ਨਾਲ ਜਿਲ੍ਹਾ ਪੱਧਰ ਤੇ ਗਠਿਤ ਕੰਟ੍ਰੋਲ ਰੂਮ ਨਾਲ ਸਬੰਧਤ ਕਮੇਟੀਆਂ ਦੇ ਮੈਂਬਰਾਂ ਨਾਲ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਵਰਚੁਅਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਕਮੇਟੀ ਮੈਂਬਰਾਂ ਨੂੰ ਜਰੂਰੀ ਹਦਾਇਤਾਂ ਦਿੱਤੀਆਂ। ਇਸ ਵਰਚੁਅਲ ਮੀਟਿੰਗ ਵਿਚ ਹਿੱਸਾ ਲੈਣ ਉਪਰੰਤ ਜਿਲ੍ਹਾ ਕਪੂਰਥਲਾ ਦੀ ਕਮੇਟੀ ਦੇ ਮੈਂਬਰ ਅਤੇ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੂਬੇ ਵਿਚ ਕੋਵਿਡ-19 ਮਹਾਮਾਰੀ ਨੂੰ ਲੈ ਕੇ ਪੂਰੀ ਗੰਭੀਰਤਾ ਦਿਖਾ ਰਹੀ ਹੈ। ਸਰਕਾਰ ਵਲੋਂ ਜਿੱਥੇ 15 ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਆਮ ਲੋਕਾਂ ਨੂੰ ਰੋਜਾਨਾ ਖਪਤ ਦੀਆਂ ਵਸਤੁਆਂ ਦੀ ਸਪਲਾਈ ਅਤੇ ਸਿਹਤ ਸਹੂਲਤਾਂ ਦਾ ਵੀ ਖਾਸ ਖਿਆਲ ਰੱਖਿਆ ਗਿਆ ਹੈ। ਉਹਨਾਂ ਇਕ ਵਾਰ ਫਿਰ ਦੁਹਰਾਇਆ ਕਿ ਜਿਲ੍ਹਾ ਕਪੂਰਥਲਾ ਵਿਚ ਸਥਾਪਤ ਕੰਟਰੋਲ ਰੂਮ ਰਾਹੀਂ ਹਰ ਲੋੜਵੰਦ ਨੂੰ ਮਹਾਮਾਰੀ ਦੇ ਇਸ ਦੌਰ ਵਿਚ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ।