ਅੰਮ੍ਰਿਤਸਰ,28 ਅਗਸਤ ( ) ਐਲੀਮੈਂਟਰੀ ਟੀਚਰਜ ਯੂਨੀਅਨ ਅੰਮ੍ਰਿਤਸਰ (ਰਜਿ.) ਵੱਲੋ ਜਿਲ੍ਹੇ ਅੰਦਰ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਨਾਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਪ੍ਰਮੋਸ਼ਨਾਂ ਨਾ ਹੋਣ ਦੇ ਰੋਸ ਵਜੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ ਤੀਸਰੇ ਦਿਨ ਪੁਲਿਸ ਦੀ ਰੋਕ ਟੋਕ ਦੇ ਬਾਵਜੂਦ ਵੀ ਭੁੱਖ ਹੜਤਾਲ ਤੇ ਡਟੇ ਰਹੇ ਈ.ਟੀ.ਯੂ. ਆਗੂਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਦਫ਼ਤਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਅੱਜ ਤੀਸਰੇ ਦਿਨ ਤਰਸਿੱਕਾ ਬਲਾਕ ਤੋਂ ਜਥੇਬੰਦੀ ਦੇ ਆਗੂ ਡਾ.ਗੁਰਪ੍ਰੀਤ ਸਿੰਘ ਸਿੱਧੂ ਅਤੇ ਲਵਪ੍ਰੀਤ ਸਿੰਘ ਢਪੱਈਆਂ ਦੀ ਸਾਂਝੀ ਅਗਵਾਈ ‘ਚ ਸਰਬਜੀਤ ਸਿੰਘ ਤਰਸਿੱਕਾ,ਸ਼ਿਵਜੀਤ ਸ਼ਰਮਾ,ਸਾਹਿਬ ਸਿੰਘ,ਜਸਵਿੰਦਰ ਸਿੰਘ, ਕੰਵਲਜੀਤ ਸਿੰਘ,ਬਖਸ਼ੀਸ਼ ਸਿੰਘ,ਜਸਪਾਲ ਸਿੰਘ,ਗੁਰਦੇਵ ਸਿੰਘ,ਹਰਜੀਤ ਸਿੰਘ ਆਦਿ ਆਗੂ ਭੁੱਖ ਹੜਤਾਲ ਤੇ ਬੈਠੇ। ਇਸ ਦੌਰਾਨ ਜਥੇਬੰਦੀ ਦੇ ਸੁਬਾਈ ਆਗੂ ਸੁਧੀਰ ਢੰਡ,ਪਰਮਬੀਰ ਸਿੰਘ ਰੋਖੇ ਅਤੇ ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਦੀ ਬੱਜ਼ਰ ਗਲਤੀ ਅਤੇ ਵੱਡੀ ਲਾਪਰਵਾਹੀ ਕਾਰਣ ਪਿਛਲੇ ਲੰਮੇ ਸਮੇਂ ਤੋਂ ਜਿਲ੍ਹੇ ਅੰਦਰ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਾ ਹੋਣ ਦੇ ਖਮਿਆਜਾ ਸੈਂਕੜੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਪੱਤਰ ਲਿਖ ਕੇ ਡੀ.ਪੀ.ਆਈ ਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ ਜਦ ਕਿ ਜ਼ਿਲ੍ਹਾ ਸਿੱਖਿਆ ਦਫਤਰ ਦੇ ਬਹੁਤੇ ਕਰਮਚਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਤਾਂ ਹੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਤੱਕ ਰੋਸਟਰ ਰਜਿਸਟਰ ਨੂੰ ਤਿਆਰ ਕਰਨ ਲਈ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅੜੀਅਲ ਰਵੱਈਏ ਕਾਰਨ ਹੁਣ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਤੇ ਇਹ ਸੰਘਰਸ਼ ਲਗਾਤਾਰ ਤੇ ਦਿਨ ਬ ਦਿਨ ਹੋਰ ਤਿੱਖਾ ਹੁੰਦਾ ਜਾਵੇਗਾ,ਜੋ ਵਿਭਾਗ ਕੋਲੋ ਝੱਲਿਆ ਨਹੀ ਜਾਵੇਗਾ। ਜਿਸਦੀ ਨਿਰੋਲ ਜ਼ਿੰਮੇਵਾਰੀ ਸਾਨੂੰ ਜਾਣ ਬੁੱਝਕੇ ਸੰਘਰਸ਼ ‘ਚ ਧੱਕਣ ਲਈ ਮਜਬੂਰ ਕਰਨ ਵਾਲੇ ਵਿਭਾਗ ਤੇ ਜਿਲ੍ਹਾ ਅਧਿਕਾਰੀ ਦੀ ਹੋਵੇਗੀ। ਉਨਾਂ ਇਹ ਵੀ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਤੁਰੰਤ ਨਾ ਕੀਤਾ ਗਿਆ ਜਾਂ ਸਾਡੇ ਸੰਘਰਸ਼ ‘ਚ ਕੋਈ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਸੰਘਰਸ਼ ਗੰਭੀਰ ਰੂਪ ਧਾਰਨ ਕਰ ਜਾਵੇਗਾ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਵਾਲੇ ਅੰਮ੍ਰਿਤਸਰ ਵਿਖੇ ਪੰਜਾਬ ਭਰ ਚੋਂ ਅਧਿਆਪਕ ਪਹੁੰਚ ਕੇ ਡੀ.ਈ.ਓ. ਐਲੀਮੈਂਟਰੀ ਦੇ ਘਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਮੂਕ ਦਰਸ਼ਕ ਬਣ ਕੇ ਵੇਖ ਰਹੇ ਜਿਲ੍ਹਾ ਅਧਿਕਾਰੀ ਤੇ ਦਫਤਰੀ ਅਮਲੇ ਨੂੰ ਹੁਣ ਅਧਿਆਪਕਾਂ ਨੂੰ ਸੰਘਰਸ਼ ‘ਚ ਧਕੇਲਣ ਦਾ ਖਮਿਆਜਾ ਹਰ ਹਾਲਤ ‘ਚ ਭੁੱਗਤਣਾ ਪਵੇਗਾ। ਉਪਰੋਕਤ ਤੋਂ ਇਲਾਵਾ ਹੜਤਾਲੀ ਕੈਂਪ ‘ਚ ਨਵਦੀਪ ਸਿੰਘ,ਸੁਖਦੇਵ ਸਿੰਘ ਵੇਰਕਾ ,ਪ੍ਰਮੋਦ ਸਿੰਘ,ਹਤਿੰਦਰ ਸਿੰਘ ਲੱਕੀ ਸੰਧੂ,ਅਮਨ ਪਵਾਰ,ਰਮਨਦੀਪ ਕਾਹਲੋਂ ਤੇ ਹੋਰ ਈ.ਟੀ.ਯੂ.ਆਗੂ ਵੀ ਮੌਜੂਦ ਸਨ।