ਫਗਵਾੜਾ 6 ਜੂਨ (ਸ਼ਿਵ ਕੋੜਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੀ ਰਹਿਨੁਮਾਈ ਹੇਠ ਕੋਰੋਨਾ ਪੀੜ੍ਹਤ ਮਰੀਜਾਂ ਅਤੇ ਪਰਿਵਾਰਾਂ ਦੀ ਮੱਦਦ ਲਈ ਅੰਰਭੀ ਮੁਹਿਮ ‘ਫਰਜ਼ ਮਨੁੰਖਤਾ ਲਈ’ ਤਹਿਤ ਅੱਜ ਸੂਬੇ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿਚ ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ, ਐਸ.ਐਮ.ਓ. ਕਮਲ ਕਿਸ਼ੋਰ, ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਤੋਂ ਇਲਾਵਾ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਬਲੱਡ ਬੈਂਕ ਫਗਵਾੜਾ ਸ਼ਾਮਲ ਹੋਏ। ਮੀਟਿੰਗ ਦੌਰਾਨ ਸਾਬਕਾ ਮੰਤਰੀ ਮਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਯਾਦਗਾਰੀ ਬਿਰਧ ਅਨਾਥ ਆਸ਼ਰਮ ਪਿੰਡ ਸਾਹਨੀ ਵਿਖੇ ਕੋਰੋਨਾ ਪਾਜੀਟਿਵ ਮਰੀਜਾਂ ਦੇ ਇਲਾਜ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕੋਵਿਡ-19 ਦੀ ਦੂਸਰੀ ਲਹਿਰ ਨਾਲ ਨਜਿੱਠਣ ਦਾ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਜਿਲ੍ਹਾ ਕਪੂਰਥਲਾ ਵਿਚ ਪਾਜੀਟਿਵ ਮਰੀਜਾਂ ਦੀ ਗਿਣਤੀ ਹੁਣ ਕਾਫੀ ਘੱਟ ਗਈ ਹੈ ਅਤੇ ਜਲਦੀ ਹੀ ਜਿਲ੍ਹੇ ਨੂੰ ਕੋਰੋਨਾ ਮੁਕਤ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕੋਵਿਡ-19 ਦੇ ਪੂਰੀ ਤਰ੍ਹਾਂ ਖਾਤਮੇ ਲਈ ਹਰ ਬਾਲਿਗ ਵਿਅਕਤੀ ਨੂੰ ਵੈਕਸੀਨ ਦੀ ਡੋਜ ਦਾ ਟੀਕਾਕਰਣ ਜਰੂਰੀ ਹੈ ਪਰ ਮੰਦਭਾਗੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਵਿਰੋਧੀ ਧਿਰਾਂ ਦੀ ਸੱਤਾ ਵਾਲੇ ਸੂਬਿਆਂ ਨੂੰ ਵੈਕਸੀਨ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਹਾਲਾਤ ਨਾਜੁਕ ਬਣੇ ਹੋਏ ਹਨ ਪਰ ਬਾਵਜੂਦ ਇਸਦੇ ਪੰਜਾਬ ਸਰਕਾਰ ਆਪਣੇ ਦਮ ਤੇ ਇਸ ਆਪਦਾ ਨੂੰ ਬਹੁਤ ਜਲਦੀ ਕੰਟ੍ਰੋਲ ਕਰ ਲਏਗੀ।