ਜਲੰਧਰ26-06-2023 (ਨਿਤਿਨ ਕੌੜਾ ) : ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸੋਮਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਜਿਲ੍ਹਾ ਸਿਹਤ ਪ੍ਰੋਗਰਾਮ ਅਫ਼ਸਰਾਂ ਅਤੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਜਿਲ੍ਹੇ ‘ਚ ਆਮ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦਾ ਜਾਇਜਾ ਲਿਆ ਗਿਆ। ਮੀਟਿੰਗ ਦੌਰਾਨ ਸਮੂਹ ਐਸ.ਐਮ.ਓਜ਼ ਵੱਲੋਂ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦੀਆਂ ਰਿਪੋਰਟਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਕਿਹਾ ਗਿਆ ਕਿ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਤਹਿਤ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ, ਇਸ ਲਈ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਮੈਡੀਕਲ ਉਪਕਰਨਾਂ ਦੇ ਰੱਖ-ਰਖਾਵ ਵੱਲ ਨਿੱਜੀ ਤੌਰ ‘ਤੇ ਧਿਆਨ ਦਿੱਤਾ ਜਾਵੇ।
ਸਮੂਹ ਸਿਹਤ ਅਧਿਕਾਰੀਆਂ ਵੱਲੋਂ ਨਵ-ਨਿਯੁਕਤ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਦਾ ‘ਜੀ ਆਇਆਂ’ ਕਰਦੇ ਹੋਏ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ “ਵਿਸ਼ਵ ਜਨਸੰਖਿਆ ਦਿਵਸ-2023” ਦੋ ਫੇਜ਼ ਵਿੱਚ ਮਨਾਇਆ ਜਾ ਰਿਹਾ ਹੈ। ਮੁਹਿੰਮ ਦੇ ਪਹਿਲੇ ਫੇਜ਼ ਵਿੱਚ 27 ਜੂਨ ਤੋਂ 10 ਜੁਲਾਈ ਤੱਕ “ਦੰਪਤੀ ਸੰਪਰਕ ਪੰਦਰਵਾੜਾ” ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦੇ ਦੂਜੇ ਫੇਜ਼ ਵਿੱਚ 11 ਤੋਂ 24 ਜੁਲਾਈ ਤੱਕ ‘ ਜਨਸੰਖਿਆ ਸਥਿਰਤਾ ਪੰਦਰਵਾੜਾ ‘ ਮਨਾਇਆ ਜਾਵੇਗਾ। ਉਨ੍ਹਾਂ ਵੱਲੋਂ ਹਦਾਇਤ ਕਰਦਿਆਂ ਕਿਹਾ ਗਿਆ ਕਿ ‘ ਦੰਪਤੀ ਸੰਪਰਕ ਪੰਦਰਵਾੜੇ ‘ ਦੌਰਾਨ 27 ਜੂਨ ਤੋਂ 10 ਜੁਲਾਈ ਤੱਕ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਤੇਜ ਕਰਦੇ ਹੋਏ ਲੋਕਾਂ ਨੂੰ ਵਿਆਹ ਲਈ ਸਹੀ ਉਮਰ, ਦੋ ਬੱਚਿਆਂ ਦੇ ਵਿਚਕਾਰ ਘੱਟ ਤੋਂ ਘੱਟ ਤਿੰਨ ਸਾਲ ਦਾ ਵਕਫਾ, ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨਾਂ ਬਾਰੇ ਵੀ ਜਾਣਕਾਰੀ ਦਾ ਪ੍ਰਸਾਰ ਕੀਤਾ ਜਾਵੇ। ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਅਪ੍ਰੈਲ 2023 ਦੌਰਾਨ 549 ਸੰਸਥਾਗਤ ਜਣੇਪੇ ਅਤੇ ਮਈ 2023 ਵਿੱਚ 607 ਸੰਸਥਾਗਤ ਜਣੇਪੇ ਹੋਏ ਹਨ, ਅਪ੍ਰੈਲ 2023 ਤੋਂ ਲੈ ਕੇ ਮਈ 2023 ਤੱਕ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੁੱਲ 1156 ਸੰਸਥਾਗੱਤ ਜਣਪੇ ਕੀਤੇ ਗਏ ਹਨ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਸਪੈਸ਼ਲ ਇਮਉਨਾਈਜੇਸ਼ਨ ਵੀਕ ਦੌਰਾਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਸੰਪੂਰਨ ਟੀਕਾਕਰਨ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਸਮੂਹ ਐਸ.ਐਮ.ਓਜ਼. ਨੂੰ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਵੈਕਸੀਨੇਸ਼ਨ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਯੋਗ ਉਪਰਾਲੇ ਕਰਣ ਅਤੇ 100 ਫੀਸਦੀ ਟੀਕਾਕਰਨ ਕਰਨਾ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਵੱਲੋ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਖਤਮ ਹੋ ਰਹੀਆਂ ਹਨ ਇਸ ਲਈ ਆਰ.ਬੀ.ਐਸ.ਕੇ. ਟੀਮਾਂ ਨੂੰ ਸੈਂਸੇਟਾਈਜ਼ ਕੀਤਾ ਜਾਵੇ ਤਾਂ ਜੋ ਜਿਲ੍ਹੇ ਦੇ ਸਾਰੇ ਬੱਚਿਆਂ ਦਾ ਸੰਪੂਰਨ ਚੈਕਅੱਪ ਕੀਤਾ ਜਾ ਸਕੇ।ਮੀਟਿੰਗ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਐਂਬੁਲੈਂਸਾਂ ਦਾ ਨਿਰੀਖਣ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਕਿਹਾ ਕਿ ਵਿਸ਼ੇਸ਼ ਕੈਂਪ ਲਗਵਾ ਕੇ ਵੱਧ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾਣ। ਇਸ ਦੌਰਾਨ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਜਿਲ੍ਹਾ ਟੀਬੀ ਅਫ਼ਸਰ ਡਾ. ਰੀਤੂ ਦਾਦਰਾ ਵੱਲੋਂ ਵੀ ਸਿਹਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ।