ਫਗਵਾੜਾ 24 ਅਗਸਤ (ਸ਼ਿਵ ਕੋੜਾ)ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਣ ਵਿਭਾਗ ਫਗਵਾੜਾ ਵਲੋਂ ਐਨ.ਜੀ.ਓ. ਸਰਬ ਨੌਜਵਾਨ ਸਭਾ ਦੇ ਸਹਿਯੋਗ ਨਾਲ 71ਵਾਂ ਵਣ ਮਹਾਂਉਤਸਵ ਸਥਾਨਕ ਹੁਸ਼ਿਆਰਪੁਰ ਰੋਡ (ਹਰਗੋਬਿੰਦਗੜ੍ਹ) ਸਥਿਤ ਜੀ.ਐਨ.ਏ. ਯੁਨੀਵਰਸਿਟੀ ਦੇ ਕੈਂਪਸ ਅਤੇ ਬਾਹਰ ਸੜਕ ਦੇ ਕਿਨਾਰੇ ਕਰੀਬ ਪੰਜ ਸੌ ਬੂਟੇ ਲਗਾਏ ਗਏ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ‘ਆਓ ਸਾਰੇ ਬੂਟੇ ਲਾਈਏ, ਜਿੰਨੇ ਲਾਈਏ ਓਨੇ ਬਚਾਈਏ’ ਮੁਹਿਮ ਤਹਿਤ ਆਯੋਜਿਤ ਕੀਤੇ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਨਗਰ ਨਿਗਮ ਫਗਵਾੜਾ ਦੇ ਕਮੀਸ਼ਨਰ ਅਤੇ ਏ.ਡੀ.ਸੀ. ਰਾਜੀਵ ਵਰਮਾ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬੀ.ਡੀ.ਪੀ.ਓ. ਸੁਖਦੇਵ ਸਿੰਘ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਵਣ ਵਿਭਾਗ ਫਗਵਾੜਾ ਦੇ ਬਲਾਕ ਅਫਸਰ ਤੀਰਥ ਸਿੰਘ, ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਸਾਹਿਤਕਾਰ ਗੁਰਮੀਤ ਪਲਾਹੀ, ਆਮ ਆਦਮੀ ਪਾਰਟੀ ਆਗੂ ਸੰਤੋਸ਼ ਕੁਮਾਰ ਗੋਗੀ ਅਤੇ ਜੀ.ਐਨ.ਏ. ਯੁਨੀਵਰਸਟੀ ਤੋਂ ਸਮੀਰ ਵਰਮਾ ਵੀ ਉਚੇਰੇ ਤੌਰ ਤੇ ਮੌਜੂਦ ਰਹੇ ਅਤੇ ਦਰਖ਼ਤਾਂ ਦੇ ਮਹੱਤਵ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਏ.ਡੀ.ਸੀ. ਰਾਜੀਵ ਵਰਮਾ ਨੇ ਕਿਹਾ ਕਿ ਹਰੇਕ ਖੁੱਲ੍ਹੀ ਅਤੇ ਖਾਲੀ ਥਾਂ ‘ਤੇ ਬੂਟੇ ਲਗਾਉਣੇ ਚਾਹੀਦੇ ਹਨ। ਹਰ ਵਿਅਕਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੰਜ-ਪੰਜ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਢਾਈ ਲੱਖ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਸ਼ਹਿਰ ਦੇ 112 ਪਾਰਕਾਂ ਦੀ ਸਜਾਵਟ ਲਈ ਬੂਟੇ ਲਗਾਉਣ ਦੇ ਨਾਲ ਹੀ ਸ਼ਹਿਰ ਵਿਚ ਸਵੱਛਤਾ ਦੀ ਮੁਹਿਮ ਅਰੰਭੀ ਜਾ ਚੁੱਕੀ ਹੈ। ਬੁਲਾਰਿਆਂ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੀ ਸਮੱਸਿਆ ਤੋਂ ਨਜਿੱਠਣ ਦਾ ਸਿਰਫ ਇਕ ਹੀ ਤਰੀਕਾ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਉਹਨਾਂ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਣ ਸੁਰੱਖਿਆ ਦੇ ਖੇਤਰ ਵਿਚ ਸਭਾ ਦਾ ਵਢਮੁੱਲਾ ਯੋਗਦਾਨ ਰਿਹਾ ਹੈ। ਕੋਰੋਨਾ ਕਾਲ ਵਿਚ ਵੀ ਸਭਾ ਨੇ ਆਪਣਾ ਫਰਜ਼ ਬਾਖੂਬੀ ਨਿਭਾਇਆ। ਪ੍ਰਸ਼ਾਸਨ ਹਮੇਸ਼ਾ ਸਰਬ ਨੌਜਵਾਨ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਵਿਚ ਸਹਿਯੋਗ ਲਈ ਖੜਾ ਰਹੇਗਾ। ਬੀ.ਡੀ.ਪੀ.ਓ. ਸੁਖਦੇਵ ਸਿੰਘ ਨੇ ਕਿਹਾ ਕਿ ਬੂਟੇ ਹੀ ਮਨੁੰਖ ਨੂੰ ਜੀਵਨ ਦਾਨ ਦਿੰਦੇ ਹਨ ਕਿਉਂਕਿ ਮਨੁੱਖ ਤੇ ਵਨਸਪਤੀ ਦੀ ਸੁਰੱਖਿਆ ਲਈ ਆਕਸੀਜਨ ਬੇਹਦ ਜਰੂਰੀ ਹੈ ਜੋ ਦਰਖਤਾਂ ਤੋਂ ਪ੍ਰਾਪਤ ਹੁੰਦੀ ਹੈ। ਜਗਜੀਵਨ ਖਲਵਾੜਾ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਕੰਮ ਵਿਚ ਵਧੇਰੇ ਯੋਗਦਾਨ ਦੇਣਾ ਚਾਹੀਦਾ ਹੈ। ਗੁਰਮੀਤ ਪਲਾਹੀ ਨੇ ਧਰਤੀ ਉੱਪਰ ਵੱਧ ਰਹੇ ਤਾਪਮਾਨ ਦੇ ਖਤਰਿਆਂ ਪ੍ਰਤੀ ਚਿੰਤਾ ਪ੍ਰਗਟਾਈ। ਸੰਤੋਸ਼ ਕੁਮਾਰ ਗੋਗੀ ਨੇ ਸਭਾ ਦੀ ਇਸ ਗੱਲ ਲਈ ਪ੍ਰਸ਼ੰਸਾ ਕੀਤੀ ਕਿ ਜਿੰਨੇ ਵੀ ਬੂਟੇ ਲਗਾਏ ਜਾਂਦੇ ਹਨ ਉਹਨਾਂ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਤੈਅ ਕੀਤੀ ਜਾਂਦੀ ਹੈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਹਾਜਰੀਨ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਦੱਸਿਆ ਕਿ ਸਭਾ ਆਪਣੇ ਤੌਰ ਤੇ ਇਸ ਸੀਜਨ ਵਿਚ ਇਕ ਹਜਾਰ ਬੂਟੇ ਲਗਾਉਣ ਦਾ ਟੀਚਾ ਪੂਰਾ ਕਰ ਚੁੱਕੀ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਇਸ ਮੌਕੇ ਪਿ੍ਰਤਪਾਲ ਕੌਰ ਤੁਲੀ, ਰਵਿੰਦਰ ਸਿੰਘ ਰਾਏ, ਚੇਤਨਾ ਰਾਜਪੂਤ, ਪਰਮਜੀਤ ਰਾਏ, ਸਾਹਿਬਜੀਤ ਸਾਬੀ, ਜਗਜੀਤ ਸੇਠ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਪਲਾਹੀ, ਸੋਮ ਪ੍ਰਕਾਸ਼, ਕਿਰਨਜੀਤ ਕੌਰ, ਰਮਨ ਨਹਿਰਾ, ਗੁਰਦੀਪ ਸਿੰਘ ਤੁਲੀ, ਗੁਰਚਰਨ ਵਿੱਕੀ ਆਦਿ ਹਾਜਰ ਸਨ।