ਅਜਨਾਲਾ/ ਰਾਜਾਸਾਂਸੀ , 8 ਜੂਨ :ਆਪਣੀ ਨੇਕ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕਰ ਕੇ ਹਰ ਔਖੀ ਘੜੀ ਵੇਲੇ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਅੱਜ ਸਰਹੱਦੀ ਕਸਬਾ ਅਜਨਾਲਾ ਅਤੇ ਰਾਜਾਸਾਂਸੀ ਨੂੰ ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਭੇਂਟ ਕੀਤੇ ਗਏ।
ਸ਼ਿਵਪੁਰੀ ਕਮੇਟੀ ਅਜਨਾਲਾ ਅਤੇ ਨਗਰ ਪੰਚਾਇਤ ਰਾਜਾਸਾਂਸੀ ਨੂੰ ਉਕਤ ਫਰੀਜ਼ਰ ਸੌਂਪਣ ਪਹੁੰਚੇ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਤੇ ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐੱਸ.ਪੀ. ਸਿੰਘ ਓਬਰਾਏ ਜੀ ਦੀ ਯੋਗ ਸਰਪ੍ਰਸਤੀ ਹੇਠ ਹੁਣ ਆਪਣੇ ਪੱਧਰ ਤੇ ਹੀ ਸੂਬੇ ਅੰਦਰ ਸਿਹਤ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਪੰਜ ਥਾਵਾਂ ਤੇ ਆਕਸੀਜਨ ਪਲਾਂਟ ਲਾਉਣ ਦੀ ਕਾਰਵਾਈ ਵੱਡੇ ਪੱਧਰ ਤੇ ਅਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੇ ਸਿਵਲ,ਸਿਹਤ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਲੋੜੀਂਦੇ ਸਾਮਾਨ ਦੀ ਆ ਰਹੀ ਮੰਗ ਅਨੁਸਾਰ ਆਕਸੀਜਨ ਕੰਸਟ੍ਰੇਟਰ,ਵੈੰਟੀਲੇਟਰ,ਐਂਬੂਲੈਂਸ ਗੱਡੀਆਂ,ਮ੍ਰਿਤਕ ਸਰੀਰ ਲੈ ਕੇ ਜਾਣ ਲਈ ਅੰਤਮ ਯਾਤਰਾ ਵੈਨਾਂ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ,ਪੱਲਸ ਆਕਸੀਮੀਟਰ, ਇਨਫਰਾਰੈੱਡ ਥਰਮਾਮੀਟਰ, ਡਿਜੀਟਲ ਥਰਮਾਮੀਟਰ,ਪੀ.ਪੀ. ਈ. ਕਿੱਟਾਂ,ਸੈਨੀਟਾਈਜ਼ਰ, ਫੇਸ ਮਾਸਕ ਅਤੇ ਸਰਜੀਕਲ ਟ੍ਰਿਪਲ ਲੇਅਰ ਮਾਸਕ ਦੇਣ ਤੋਂ ਇਲਾਵਾ ਵੱਡੀ ਮਾਤਰਾ ‘ਚ ਦਵਾਈਆਂ ਆਦਿ ਦੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਇਸ ਵਾਰ ਲੋੜਵੰਦ ਲੋਕਾਂ ਨੂੰ ਵੰਡਣ ਲਈ ਦਵਾਈਆਂ ਦੀ 1 ਲੱਖ ਕਿੱਟ ਵੀ ਤਿਆਰ ਕਰਵਾ ਕੇ ਜ਼ਿਲ੍ਹਿਆਂ ਨੂੰ ਭੇਜੀ ਜਾ ਰਹੀ ਹੈ,ਜਿਸ ‘ਚ ਪੈਰਾਸੀਟਾਮੋਲ,ਵਿਟਾਮਿਨ ਸੀ,ਵਿਟਾਮਿਨ ਡੀ,ਮਲਟੀ ਵਿਟਾਮਿਨ ਅਤੇ ਜਿੰਕ ਆਦਿ ਪੰਜ ਦਵਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਇਲਾਜ ਲਈ ਦਿੱਲੀ ਤੋਂ ਪੰਜਾਬ ਆਉਣ ਜਾਂ ਇੱਥੋਂ ਦਿੱਲੀ ਜਾਣ ਵਾਲੇ ਮਰੀਜ਼ਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਟਰੱਸਟ ਵੱਲੋਂ ਕੇਵਲ ਤੇਲ ਖ਼ਰਚ ਤੇ ਐਂਬੂਲੈਂਸ ਦੀ ਸੇਵਾ ਵੀ ਜਾਰੀ ਹੈ।
ਇਸ ਦੌਰਾਨ ਮਾਸਟਰ ਪਵਨ ਕੁਮਾਰ ਅਜਨਾਲਾ,ਪ੍ਰਧਾਨ ਸੋਮ ਦੱਤ ਸੁਮਨਾ,ਪਵਨ ਕੁਮਾਰ ਸਰਾਫ਼, ਜੁਗਲ ਕਿਸ਼ੋਰ,ਮਨਜੀਤ ਸਿੰਘ ਮੰਨਾ ਤੋਂ ਇਲਾਵਾ ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਇੰਦਰਪਾਲ ਸਿੰਘ ਲਾਲੀ ,ਅਕਾਉਂਟੈਂਟ ਗੁਰਲਾਲ ਸਿੰਘ, ਹਰਦਿਆਲ ਸਿੰਘ ਮਜੀਠਾ, ਰਵਿੰਦਰ ਸਿੰਘ ਟੰਡਨ, ਹਰਜੀਤ ਸਿੰਘ ਕੌਂਸਲਰ,ਵਿਪਨ ਕੁਮਾਰ ਕੌਂਸਲਰ, ਪਰਮਪਾਲ ਸਿੰਘ,ਜਸਪਾਲ ਸਿੰਘ ਭੱਟੀ ਆਦਿ ਵੀ ਮੌਜੂਦ ਸਨ।
ਕੈਪਸ਼ਨ 1 – ਸਰਬੱਤ ਦਾ ਭਲਾ ਟਰੱਸਟ ਵੱਲੋਂ ਸ਼ਿਵਪੁਰੀ ਅਜਨਾਲਾ ਦੇ ਪ੍ਰਬੰਧਕਾਂ ਨੂੰ ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਦੇਣ ਮੌਕੇ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ,ਸ਼ਿਸ਼ਪਾਲ ਸਿੰਘ ਲਾਡੀ ਤੇ ਹੋਰ।
ਕੈਪਸ਼ਨ 2. ਨਗਰ ਪੰਚਾਇਤ ਰਾਜਾਸਾਂਸੀ ਨੂੰ ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਸੌਂਪਣ ਮੌਕੇ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ,ਸ਼ਿਸ਼ਪਾਲ ਲਾਡੀ ਨਾਲ ਪ੍ਰਧਾਨ ਇੰਦਰਪਾਲ ਸਿੰਘ ਲਾਲੀ ਤੇ ਹੋਰ।