ਫਗਵਾੜਾ  (ਸ਼ਿਵ ਕੋੜਾ) ਸ਼ਹਿਰ ਦੀਆਂ ਅੰਦਰੂਨੀ ਸੜਕਾਂ ਅਤੇ ਬਾਜ਼ਾਰਾਂ ਦੀ ਮਾੜੀ ਹਾਲਤ ਨੂੰ ਲੈ ਕੇ ਸੀਨੀਅਰ ਭਾਜਪਾ ਆਗੂ ਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਨੂੰ ਘੇਰਦਿਆਂ ਅੱਜ ਕਿਹਾ ਕਿ ਬਾਂਸਾਵਾਲਾ ਬਾਜ਼ਾਰ ਵਾਲੀ ਸੜਕ ਦੀ ਹਾਲਤ ਬੋਹੜ ਵਾਲੇ ਚੌਕ ਤੋਂ ਲੈ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੇ ਚੌੜਾ ਖੂਹ ਮੰਦਰ ਤਕ ਬਹੁਤ ਹੀ ਤਰਸਯੋਗ ਬਣੀ ਹੋਈ ਹੈ। ਇਸ ਸੜਕ ਨੂੰ ਉਹਨਾਂ ਦੇ ਮੇਅਰ ਰਹਿੰਦੇ ਇੰਟਰਲੋਕ ਟਾਇਲਾਂ ਨਾ ਵਧੀਆ ਕਰਕੇ ਬਣਾਇਆ ਗਿਆ ਸੀ ਪਰ ਹੁਣ ਕਾਫੀ ਸਮੇਂ ਤੋਂ ਟਾਇਲਾਂ ਉਖੜੀਆਂ ਹੋਈਆਂ ਹਨ ਤੇ ਸੜਕ ਵਿਚ ਟੋਏ ਹਨ ਪਰ ਕਾਰਪੋਰੇਸ਼ਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਤੰਗ ਬਾਜਾਰ ਹੈ ਜਿੱਥੇ ਕਾਫੀ ਭੀੜ ਰਹਿੰਦੀ ਹੈ ਅਤੇ ਸਵੇਰੇ ਸ਼ਾਮ ਵੱਡੀ ਗਿਣਤੀ ਲੋਕ ਮੰਦਰ, ਗੁਰਦੁਆਰੇ ਜਾਂਦੇ ਹਨ ਜਿਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਗਉਸ਼ਾਲਾ ਬਾਜਾਰ, ਸਰਾਏ ਰੋਡ ਤੋਂ ਇਲਾਵਾ ਰਾਮਗੜ੍ਹੀਆ ਗੁਰਦੁਆਰਾ ਤੇ ਸ਼ਿਵ ਮੰਦਰ ਪੱਕਾ ਬਾਗ ਵਾਲੀਆਂ ਸੜਕਾਂ ਵਿਚ ਵੀ ਵੱਡੇ ਤੇ ਡੂੰਘੇ ਟੋਏ ਹਨ। ਜਿਸ ਕਰਕੇ ਹਰ ਸਮੇਂ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇੱਥੋਂ ਦੇ ਦੁਕਾਨਦਾਰਾਂ, ਗ੍ਰਾਹਕਾਂ ਤੇ ਹੋਰ ਰਾਹਗੀਰਾਂ ਨੂੰ ਬੜੀ ਮੁਸ਼ਕਲ ਹੋ ਰਹੀ ਹੈ। ਲੋਕਾਂ ਦੀ ਪੁਰਜੋਰ ਮੰਗ ਦੇ ਬਾਵਜੂਦ ਇਹਨਾਂ ਸੜਕਾਂ ਦੀ ਮੁੜ ਉਸਾਰੀ ਨਹੀਂ ਕਰਵਾਈ ਜਾ ਰਹੀ। ਕਾਰਪੋਰੇਸ਼ਨ ਦੀ ਜਦੋਂ ਤੋਂ ਟਰਮ ਖਤਮ ਹੋਈ ਹੈ, ਸ਼ਹਿਰ ਅਨਾਥ ਬਣ ਕੇ ਰਹਿ ਗਿਆ ਹੈ ਕਿਉਂਕਿ ਨਿਗਮ ਕਮੀਸ਼ਨਰ ਨੂੰ ਲੋਕਾਂ ਦੀਆਂ ਸਮੱਸਿਆ ਦੀ ਕੋਈ ਚਿੰਤਾ ਨਹੀਂ ਹੈ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਹਿਰ ਨੂੰ ਮਾਡਲ ਸਿਟੀ ਬਨਾਉਣ ਦੇ ਹਵਾਈ ਦਾਅਵੇ ਕਰਨ ਤਕ ਸੀਮਿਤ ਹਨ। ਉਹਨਾਂ ਮੁੱਖ ਬਾਜਾਰਾਂ, ਗਲੀਆਂ ਤੇ ਕਈ ਮੁਹੱਲਿਆਂ ਦੀਆਂ ਸਟ੍ਰੀਟ ਲਾਈਟਾਂ ਖਰਾਬ ਹੋਣ ਦੀ ਗੱਲ ਵੀ ਕਹੀ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਉਹਨਾਂ ਨੇ ਹਮੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਸੀ ਪਰ ਹੁਣ ਵਿਧਾਇਕ ਧਾਲੀਵਾਲ ਅਤੇ ਕਾਂਗਰਸ ਪਾਰਟੀ ਜਾਣਬੁੱਝ ਕੇ ਕਾਰਪੋਰੇਸ਼ਨ ਦੀ ਚੋਣ ਨਹੀਂ ਹੋਣ ਦੇ ਰਹੇ ਕਿਉਂਕਿ ਕਾਂਗਰਸ ਨੂੰ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ। ਇਸੇ ਕਰਕੇ ਸ਼ਹਿਰ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾੜਾ ਕਾਰਪੋਰੇਸ਼ਨ ਦੀ ਚੋਣ ਜਲਦੀ ਕਰਵਾਈ ਜਾਵੇ ਤਾਂ ਜੋ ਸ਼ਹਿਰਵਾਸੀਆਂ ਨੂੰ ਪੇਸ਼ ਆ ਰਹੀਆਂ ਸਾਰੀਆਂ ਮੁਸ਼ਕਲਾਂ ਦਾ ਹਲ ਨਵੀਂ ਕਾਰਪੋਰੇਸ਼ਨ ਦਾ ਗਠਨ ਕਰਕੇ ਕੀਤਾ ਜਾ ਸਕੇ।