ਫਗਵਾੜਾ 18 ਜੂਨ (ਸ਼ਿਵ ਕੋੜਾ) ਦੇਸ਼ ਭਰ ਵਿਚ ਡਾਕਟਰਾਂ ਉਪਰ ਹੋ ਰਹੇ ਹਮਲਿਆਂ ਦੇ ਰੋਸ ਵਜੋਂ ਅੱਜ ਡਾਕਟਰਾਂ ਦੀ ਜੱਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ. ਸੋਹਨ ਲਾਲ ਦੀ ਅਗਵਾਈ ਹੇਠ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਡਾ. ਸੋਹਨ ਲਾਲ ਅਤੇ ਐਸੋਸੀਏਸ਼ਨ ਦੀ ਜਨਰਲ ਸਕੱਤਰ ਡਾ. ਸੁਪ੍ਰੀਤ ਕੌਰ ਵਿਰਕ ਨੇ ਕਿਹਾ ਕਿ ਡਾਕਟਰਾਂ ਉਪਰ ਹਮਲੇ ਬਹੁਤ ਹੀ ਨਿੰਦਣਯੋਗ ਹਨ। ਡਾਕਟਰ ਹਮੇਸ਼ਾ ਮਰੀਜ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ ਪਰ ਪਰਮਾਤਮਾ ਦੀ ਮਰਜੀ ਦੇ ਅੱਗੇ ਡਾਕਟਰ ਵੀ ਬੇਬਸ ਹੁੰਦਾ ਹੈ। ਜੇਕਰ ਕਿਸੇ ਮਰੀਜ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਡਾਕਟਰਾਂ ਨੂੰ ਵੀ ਪਰਿਵਾਰ ਦੀ ਤਰ੍ਹਾਂ ਹੀ ਦੁੱਖ ਹੁੰਦਾ ਹੈ ਇਸ ਲਈ ਡਾਕਟਰਾਂ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਨਾਉਣਾ ਬਿਲਕੁਲ ਗਲਤ ਹੈ ਜਿਸਦੀ ਉਹ ਸਖਤ ਨਖੇਦੀ ਕਰਦੇ ਹਨ। ਡਾ. ਸੋਹਨ ਲਾਲ ਨੇ ਕਿਹਾ ਕਿ ਕੋਵਿਡ-19 ਦੀ ਇਸ ਮੁਸ਼ਕਲ ਘੜੀ ਵਿਚ ਡਾਕਟਰ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਕੰਮ ਕਰ ਰਹੇ ਹਨ ਅਤੇ ਜੇਕਰ ਅਜਿਹੇ ਹਮਲੇ ਹੁੰਦੇ ਹਨ ਤਾਂ ਉਸ ਨਾਲ ਡਾਕਟਰਾਂ ਦਾ ਹੌਸਲਾ ਵੀ ਟੁੱਟਦਾ ਹੈ। ਉਹਨਾਂ ਦੱਸਿਆ ਕਿ ਸਮੂਹ ਡਾਕਟਰਾਂ ਨੇ ਅੱਜ ਕਾਲੇ ਮਾਸਕ ਲਗਾ ਕੇ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣੇ ਰੋਸ ਦਾ ਮੁਜਾਹਰਾ ਕੀਤਾ ਹੈ। ਇਸ ਮੌਕੇ ਆਈ.ਐਮ.ਏ. ਦੇ ਸਾਬਕਾ ਸੂਬਾ ਪ੍ਰਧਾਨ ਡਾ. ਐਸ.ਪੀ.ਐਸ. ਸੂਚ, ਡਾ. ਐਸ. ਰਾਜਨ ਅਤੇ ਡਾ. ਜੀ.ਬੀ. ਸਿੰਘ ਨੇ ਵੀ ਡਾਕਟਰਾਂ ਉਪਰ ਹੋ ਰਹੇ ਹਮਲਿਆਂ ਦੀ ਨਖੇਦੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਡਾਕਟਰਾਂ ਉਪਰ ਹਮਲਿਆਂ ਦੇ ਖਿਲਾਫ ਸਖਤ ਕਾਨੂੰਨ ਬਨਾਉਣ ਚਾਹੀਦਾ ਹੈ ਤਾਂ ਜੋ ਅਜਿਹੀਆਂ ਗੈਰ ਕਾਨੂੰਨੀ ਕਾਰਗੁਜਾਰੀਆਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋ ਸਕੇ। ਉਹਨਾਂ ਦੇਸ਼ ਭਰ ਦੀਆਂ ਸਮੂਹ ਸਮਾਜਿਕ ਅਤੇ ਸਿਆਸੀ ਜੱਥੇਬੰਦੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਡਾਕਟਰਾਂ ਦੇ ਹੱਕ ਵਿਚ ਖੜੀਆਂ ਹੋਣ ਤਾਂ ਜੋ ਡਾਕਟਰ ਸੁਖਾਂਵੇ ਮਾਹੌਲ ਵਿਚ ਆਪਣੀ ਡਿਉਟੀ ਨੂੰ ਬਿਨਾ ਕਿਸੇ ਦਬਾਅ ਅਤੇ ਡਰ ਤੋਂ ਨਿਭਾਉਣ ਦੇ ਯੋਗ ਹੋ ਸਕਣ। ਇਸ ਮੌਕੇ ਡਾ. ਅਨੂਪ, ਡਾ. ਜਸਜੀਤ ਸਿੰਘ ਵਿਰਕ, ਡਾ. ਜੇ.ਐਸ. ਵਿਰਕ, ਡਾ. ਵਿਜੇ ਸ਼ਰਮਾ, ਡਾ. ਰਾਹੁਲ, ਡਾ. ਸੁਭਾਸ਼ ਚੌਹਾਨ, ਚਿਮਨ ਅਰੋੜਾ, ਡਾ. ਰਾਜੀਵ ਗੁਪਤਾ ਆਦਿ ਹਾਜਰ ਸਨ।