ਲੰਧਰ 1 ਮਈ : ਸੀ.ਪੀ.ਆਈ. ( ਐੱਮ. ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਜ਼ਿਲ੍ਹਾ ਜਲੰਧਰ – ਕਪੂਰਥਲਾ ਦੀ ਪਾਰਟੀ ਵੱਲੋਂ  ਸੀ.ਪੀ.ਆਈ. ਦੇ ਸੀਨੀਅਰ ਆਗੂ ਕਾਮਰੇਡ ਡਾ. ਜੋਗਿੰਦਰ ਦਿਆਲ ( 80 ) ਦੀ ਮੌਤ ਤੇ ਡੂੰਘੇ ਦੁੱਖ , ਅਫ਼ਸੋਸ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।  ਕਾਮਰੇਡ ਤੱਗੜ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ  ਕਾਮਰੇਡ ਜੋਗਿੰਦਰ ਦਿਆਲ ਨੇ ਆਪਣੀ ਸਾਰੀ ਉਮਰ ਹੀ ਕਮਿਊਨਿਸਟ ਲਹਿਰ ਨੂੰ ਸਮਰਪੱਤ ਕੀਤੀ ਹੋਈ ਸੀ ਤੇ ਆਖ਼ਰੀ ਸਾਹ ਤਕ ਉਹ ਇਸ ਰਾਹ ਤੇ ਡਟੇ ਰਹੇ।  ਕਾਮਰੇਡ ਤੱਗੜ ਨੇ ਕਿਹਾ ਕਿ ਡਾ. ਦਿਆਲ ਕਮਿਊਨਿਸਟ ਆਗੂ ਹੋਣ ਦੇ ਨਾਲ ਨਾਲ ਪੰਜਾਬ ਦੇ ਚੋਟੀ ਦੇ ਕਿਸਾਨ ਨੇਤਾ ਵੀ ਸਨ ਅਤੇ ਮੈਨੂੰ ਉਨ੍ਹਾਂ ਨਾਲ ਬਹੁਤ ਹੀ ਲੰਬਾ ਸਮਾਂ ਸਾਂਝੇ ਕਿਸਾਨ ਸੰਘਰਸ਼ ਵਿਚ ਵਿਚਰਣ ਅਤੇ ਕੰਮ ਕਰਨ ਦਾ ਮੌਕਾ ਪ੍ਰਾਪਤ ਰਿਹਾ ਹੈ  । ਕਾਮਰੇਡ ਤੱਗੜ ਨੇ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਕਿਹਾ ਕਿ ਡਾ. ਦਿਆਲ ਦੇ ਪੰਜਾਬ ਦੇ ਸਿਰਮੌਰ ਕਿਸਾਨ ਆਗੂ ਅਤੇ ਪੰਜਾਬ ਕਿਸਾਨ ਸਭਾ ਦੇ ਜਨਰਲ ਸਕੱਤਰ ਸ਼ਹੀਦ ਕਾਮਰੇਡ ਸਰਵਣ ਸਿੰਘ ਚੀਮਾ ਨਾਲ ਵੀ ਬਹੁਤ ਹੀ ਨੇੜਲੇ  ਅਤੇ ਨਿੱਘੇ ਸੰਗਰਾਮੀ  ਸੰਬੰਧ ਸਨ।  ਦੋਹਾਂ ਨੇ ਕਈ ਮਹੱਤਵਪੂਰਨ ਕਿਸਾਨ ਸੰਘਰਸ਼ਾਂ ਨੂੰ ਸਾਂਝੇ ਤੌਰ ਤੇ ਯੋਗ ਅਗਵਾਈ ਦਿੱਤੀ । ਕਾਮਰੇਡ ਤੱਗੜ ਨੇ ਇਸ ਮੌਕੇ ਡਾ. ਜੋਗਿੰਦਰ ਦਿਆਲ ਦੇ ਵੱਡੇ ਭਾਈ ਸਾਹਿਬ ਕਾਮਰੇਡ ਸਰਵਣ ਸਿੰਘ ਕੁਲਗਰਾਂ ਨੂੰ ਵੀ ਯਾਦ ਕੀਤਾ । ਕਾਮਰੇਡ ਤੱਗੜ ਨੇ ਕਿਹਾ ਕਿ ਕਾਮਰੇਡ ਸਰਵਣ ਸਿੰਘ ਕੁਲਗਰਾਂ ਵੀ ਪੰਜਾਬ ਦੇ ਵੱਡੇ ਅਤੇ ਲੜਾਕੂ ਕਿਸਾਨ ਆਗੂ ਸਨ ਅਤੇ ਮੈਨੂੰ ਉਨ੍ਹਾਂ ਨਾਲ  ਪੰਜਾਬ ਕਿਸਾਨ ਸਭਾ ਵਿਚ ਕੰਮ ਕਰਨ ਦਾ ਵੀ ਮੌਕਾ ਪ੍ਰਾਪਤ ਰਿਹਾ ਹੈ।  ਕਾਮਰੇਡ ਕੁਲਗਰਾਂ ਦੀ 15-16 ਸਾਲ ਪਹਿਲਾਂ ਇੱਕ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਸੀ।  ਡਾ. ਜੋਗਿੰਦਰ ਦਿਆਲ ਨੂੰ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਆਗੂਆਂ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ , ਸੁਰਿੰਦਰ ਖੀਵਾ , ਪ੍ਰਸ਼ੋਤਮ ਬਿਲਗਾ , ਪ੍ਰਕਾਸ਼ ਕਲੇਰ , ਸੁਖਦੇਵ ਸਿੰਘ ਬਾਸੀ , ਗੁਰਮੇਲ ਸਿੰਘ ਨਾਹਲ , ਬੀਬੀ ਗੁਰਪਰਮਜੀਤ ਕੌਰ ਤੱਗੜ ,  ਲਛਮਣ ਸਿੰਘ ਜੌਹਲ , ਵਰਿੰਦਰਪਾਲ ਸਿੰਘ ਕਾਲਾ , ਮਿਹਰ ਸਿੰਘ ਖੁਰਲਾਪੁਰ , ਮੂਲ ਚੰਦ ਸਰਹਾਲੀ , ਮੇਲਾ ਸਿੰਘ ਰੁੜਕਾ , ਵਿਜੈ ਧਰਨੀ ਅਤੇ ਹੋਰ ਆਗੂਆਂ ਨੇ ਵੀ ਯਾਦ ਕੀਤਾ ਅਤੇ ਦੁੱਖ , ਹਮਦਰਦੀ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।