ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਸੁਖਦੇਵ ਸਿੰਘ ਨਾਗਰਾ ਨੂੰ ਯੂ.ਐਸ.ਏ. ਦੀ ਯੂਨੀਵਰਸਿਟੀ ਦੇ ਵਿਸ਼ਵ ਭਾਸ਼ਾਵਾਂ ਤੇ ਸਾਹਿਤ (ਡਬਲਯੂ.ਐੱਲ.ਐੱਲ.) ਵਿਭਾਗ ਦੇ ਪਾਰਟ ਟਾਈਮ ਫੈਕਲਟੀ ਪੂਲ ਦੇ ਮੈਂਬਰ ਲਏ ਜਾਣ ’ਤੇ ਕਾਲਜ ਵੱਲੋਂ ਸਨਮਾਨਤ ਕੀਤਾ ਗਿਆ। ਸੰਸਥਾ ਦੇ ਮੁੱਖੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਗੋਪਾਲ ਸਿੰਘ ਬੁੱਟਰ ਮੁਖੀ ਪੰਜਾਬੀ ਵਿਭਾਗ ਨੇ ਡਾ. ਨਾਗਰਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ (ਸੀ.ਐਸ.ਯੂ.ਐਸ.) ਵਲੋਂ ਸਾਡੇ ਇਸ ਪ੍ਰਤਿਭਾਵਾਨ ਅਧਿਆਪਕ ਦੀ ਚੋਣ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਸਹਿਕਰਮੀ ਅਧਿਆਪਕ ਡਾ. ਸੁਰਿੰਦਰਪਾਲ ਮੰਡ, ਡਾ. ਹਰਜਿੰਦਰ ਸਿੰਘ ਸੇਖੋਂ ਤੇ ਪ੍ਰੋ. ਕੁਲਦੀਪ ਸੋਢੀ ਨੇ ਵੀ ਡਾ. ਨਾਗਰਾ ਦੀ ਪ੍ਰਾਪਤੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਹਨਾਂ ਦੀ ਕਾਮਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸਮਰਾ ਨੇ ਡਾ. ਨਾਗਰਾ ਨੂੰ ਇਕ ਸਿਮਰਿਤੀ ਚਿੰਨ੍ਹ ਦੇ ਕੇ ਸਨਮਾਨਤ ਕਰਦਿਆਂ ਉਹਨਾਂ ਦੀਆਂ ਹੋਰ ਵਡੇਰੀਆਂ ਪ੍ਰਾਪਤੀਆਂ ਦੀ ਕਾਮਨਾ ਕੀਤੀ। ਉਹਨਾਂ ਡਾ. ਨਾਗਰਾ ਦੀਆਂ ਹੋਰ ਵਡੇਰੀਆਂ ਪ੍ਰਾਪਤੀਆਂ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਡਾ. ਨਾਗਰਾ ਭਾਸ਼ਾ ਅਤੇ ਪੰਜਾਬੀ ਭਾਸ਼ਾ ਦੇ ਅਧਿਆਪਨ ਅਤੇ ਖੋਜ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣਗੇ। ਉਹਨਾਂ ਕਿਹਾ ਕਿ ਇਹ ਸਾਡੇ ਲਈ ਬਹੁਤ ਫ਼ਖਰ ਵਾਲੀ ਗੱਲ ਹੈ ਕਿ ਸਾਡਾ ਇਹ ਅਧਿਆਪਕ ਕੌਮਾਂਤਰੀ ਪੱਧਰ ’ਤੇ ਆਪਣੀਆਂ ਅਧਿਐਨ ਤੇ ਅਧਿਆਪਨ ਸੰਬੰਧੀ ਸ਼ਾਨਦਾਰ ਸੇਵਾਵਾਂ ਦੇ ਰਿਹਾ ਹੈ।