ਫਗਵਾੜਾ 23 ਅਪ੍ਰੈਲ (ਸ਼਼ਿਵ ਕੋੋੜਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਨਰਜੋਤ ਵੈਲਫਅਰ ਸੁਸਾਇਟੀ ਆਰੰਭੇ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਦੀ ਸ਼ਲਾਘਾ ਕੀਤੀ ਹੈ । ਉਹਨਾਂ ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੀ ਨਵੀਂ ਉਸਾਰੀ ਇਮਾਰਤ ਵਿਖੇ ਫੇਰੀ ਦੌਰਾਨ ਡਾ. ਸੀਮਾ ਰਾਜਨ ਅਤੇ ਡਾਕਟਰ ਐਸ. ਰਾਜਨ ਵਲੋਂ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਰਲਡ ਕਲਾਸ ਅਤੀ ਆਧੂਨਿਕ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੁਨਰਜੋਤ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਡਾਕਟਰ ਰਾਜਨ ਆਈ ਕੇਅਰ ਦੇ ਨਾਲ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਲੋੜਵੰਦ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਹੈ। ਕਿਉਂਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦਾ ਤੌਹਫਾਂ ਪ੍ਰਦਾਨ ਕਰਨਾ ਮਹਾਨ ਕਾਰਜ ਹੈ । ਡਾ. ਐਸ. ਰਾਜਨ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆ ਸਰਕਾਰ ਵਲੋਂ ਆਈ ਕੈਂਪ ਆਯੋਜਿਤ ਕਰਨ ਦੀ ਮਨਾਹੀ ਹੋਣ ਕਰਕੇ ਬਹੁਤ ਸਾਰੇ ਚਿੱਟੇ ਮੋਤੀਏ ਦੇ ਲੋੜਵੰਦ ਮਰੀਜ਼ ਲੰਬੇ ਸਮੇਂ ਤੋਂ ਆਪਰੇਸ਼ਨਾਂ ਦੀ ਇੰਤਜਾਰ ਕਰ ਰਹੇ ਸਨ । ਜਿਸ ਨੂੰ ਮੁੱਖ ਰੱਖਦੇ ਹੋਏ ਪੁਨਰਜੋਤ ਸੰਸਥਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਹਸਪਤਾਲ ਵਿਖੇ ਫਰੀ ਕੀਤੇ ਜਾ ਰਹੇ ਹਨ । ਇਸ ਨਾਲ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ । ਉਹਨਾਂ ਦੱਸਿਆ ਕਿ ਨਵੇਂ ਹਸਪਤਾਲ ਦੀ ਉਸਾਰੀ ਅੱਖਾਂ ਦੇ ਇਲਾਜ਼ ਲਈ ਲੋੜੀਂਦੇ ਐਸ.ਓ.ਪੀ ਦੇ ਅਨੁਸਾਰ ਕੀਤੀ ਗਈ ਹੈ । ਇਸ ਮੌਕੇ ਡਾਕਟਰ ਸੀਮਾ ਰਾਜਨ ਵਲੋਂ ਵਿਧਾਇਕ ਧਾਲੀਵਾਲ ਅਤੇ ਉਹਨਾਂ ਦੇ ਨਾਲ ਪਹੁੰਚੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਦਾ ਹਸਪਤਾਲ ਵਿਖੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।