ਜਲੰਧਰ :ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਨੇ ਅੱਜ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ ਅਤੇ ਡੀ.ਐਸ.ਪੀਜ਼ ਨੂੰ ਹਦਾਇਤਾਂ ਕੀਤੀਆਂ ਕਿ ਜਰੂਰੀ ਵਸਤਾਂ ਲੋਕਾਂ ਦੇ ਦਰਾਂ ’ਤੇ ਨਿਰਵਿਘਨ ਪਹੁੰਚਾਉਣ ਲਈ ਪੂਰੀ ਸਮਰੱਥਾ ਲਗਾ ਦਿੱਤੀ ਜਾਵੇ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਬਜ਼ੀਆਂ, ਫ਼ਲ, ਦਵਾਈਆਂ ਅਤੇ ਕਰਿਆਨਾ , ਪਸ਼ੂਆਂ ਲਈ ਚਾਰਾ ਅਤੇ ਹੋਰ ਜਰੂਰੀ ਸਮਾਨ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲਰਾਂ, ਸਰਪੰਚਾਂ, ਲੰਬੜਦਾਰਾਂ, ਪਟਵਾਰੀਆਂ ਨਾਲ ਮੀਟਿੰਗਾਂ ਕਰਕੇ ਪਿੰਡ ਦੀ ਹਰ ਵਾਰਡ ਲਈ ਇਕ ਯੂਨਿਟ ਬਣਾਈ ਜਾਵੇ ਤਾਂ ਕਿ ਉਨਾ ਨੂੰ ਪਾਸ ਜਾਰੀ ਕੀਤੇ ਜਾ ਸਕਣ ਜੋ ਅਗੋਂ ਲੋਕਾਂ ਨਾਲ ਸੰਪਰਕ ਕਰਕੇ ਜਰੂਰੀ ਵਸਤਾਂ ਪਹੁੰਚਾਉਣਗੇ।
ਉਨ੍ਹਾਂ ਵਲੋਂ ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਅਤੇ ਜ਼ੋਨਲ ਲਾਇਸਿੰਗ ਅਥਾਰਟੀ ਡਰੱਗਜ਼ ਲਖਵੰਤ ਸਿੰਘ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ ਨੂੰ ਕਰਿਆਨਾ ਵਪਾਰੀਆਂ, ਕੈਮਿਸਟਾਂ ਅਤੇ ਸਬਜ਼ੀ ਵੇਚਣ ਵਾਲਿਆਂ ਨੂੰ ਪਾਸ ਜਾਰੀ ਕਰਨ ਲਈ ਅਧਿਕਾਰ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਗੁਰਦੁਆਰਿਆਂ ਅਤੇ ਮੰਦਿਰਾਂ ਅਤੇ ਹੋਰਨ ਦੀ ਅਨਾਊਂਸਮੈਂਟ ਲਈ ਸਹਾਇਤਾ ਲਈ ਜਾਵੇ ਤਾਂ ਜੋ ਲੋਕ ਜਰੂਰੀ ਚੀਜ਼ਾਂ ਲਈ ਘਰਾਂ ਤੋਂ ਬਾਹਰ ਨਾ ਆ ਸਕਣ ਅਤੇ ਟੀਮਾਂ ਵਲੋਂ ਉਨਾਂ ਨੂੰ ਘਰਾਂ ਵਿੱਚ ਹੀ ਜਰੂਰੀ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਉਨ੍ਹਾਂ ਦੋਧੀਆਂ ਨੂੰ ਵੀ ਬਿਨਾਂ ਡਰ ਪਿੰਡਾਂ ਵਿੱਚ ਘਰ-ਘਰ ਜਾ ਕੇ ਦੁੱਧ ਸਪਲਾਈ ਕਰਨ ਲਈ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਉਨਾ ਨੂੰ ਟੀਮਾਂ ਵਲੋਂ ਰੋਕਿਆ ਨਹੀਂ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਅ ਰਾਹੁਲ ਸਿੰਧੂ, ਡਾ.ਜੈ ਇੰਦਰ ਸਿੰਘ, ਐਸ.ਪੀ. ਆਰ.ਪੀ.ਐਸ.ਸੰਧੂ ਅਤੇ ਹੋਰ ਵੀ ਹਾਜ਼ਰ ਸਨ।