ਜਲੰਧਰ 29 ਦਸੰਬਰ 2020
ਨਿੱਕੂ ਪਾਰਕ ਨੂੰ ਹੋਰ ਆਕਰਸ਼ਕ ਅਤੇ ਆਉਣ ਵਾਲਿਆਂ ਖਾਸ ਕਰਕੇ ਬੱਚਿਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਨਿੱਕੂ ਪਾਰਕ ਦੀ ਮੁਕੰਮਲ ਨੁਹਾਰ ਬਦਲਣ ਲਈ ਨਿੱਕੂ ਪਾਰਕ ਦੀ ਉਚ ਤਾਕਤੀ ਕਮੇਟੀ ਨੂੰ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਮੰਗਲਵਾਰ ਦੀ ਸ਼ਾਮ ਨੂੰ ਨਿੱਕੂ ਪਾਰਕ ਦਾ ਦੌਰਾ ਕਰਦਿਆਂ ਕਿਹਾ ਕਿ ਇਹ ਪਾਰਕ ਸ਼ਹਿਰ ਅਤੇ ਇਸ ਦੇ ਲੋਕਾਂ ਲਈ ਵੱਡਮੁੱਲੀ ਜਾਇਦਾਦ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਬੱਚਿਆ ਦੀ ਸਭ ਤੋਂ ਪੰਸਦੀਦਾ ਥਾਂ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਅਤੇ ਸਲਾਈਡਾਂ ਨੂੰ ਵਰਤਣ ਦੀ ਮੁਫ਼ਤ ਵਿੱਚ ਪੇਸ਼ਕਸ ਕੀਤੀ ਗਈ ਹੈ ਅਤੇ ਬਿਜਲਈ ਝੂਲੇ ’ਤੇ ਤਿੰਨ ਵਾਰ ਸਵਾਰ ਹੋਣ ਲਈ ਸਿਰਫ਼ 35 ਰੁਪਏ ਹੀ ਲਏ ਜਾਂਦੇ ਹਨ।
ਸ੍ਰੀ ਥੋਰੀ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਪਾਰਕ ਦੇ ਸਹੀ ਢੰਗ ਨਾਲ ਰੱਖ ਰਖਾਵ ਲਈ ਨਿਯਮਤ ਤੌਰ ’ਤੇ ਮੀਟਿੰਗਾਂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਇਸ ਦਾ ਲਾਭ ਮਿਲ ਸਕੇ।
ਕਮੇਟੀ ਦੇ ਮੁੱਖੀ ਜੁਆਇੰਟ ਕਮਿਸ਼ਨਰ ਨਗਰ ਨਿਗਮ ਸ੍ਰ.ਹਰਚਰਨ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੁਝ ਬਿਜਲਈ ਝੂਲਿਆਂ ਦੀ ਤੁਰੰਤ ਮੁਰੰਮਤ ਅਤੇ ਸਾਂਭ ਸੰਭਾਲ ਦੀ ਜਰੂਰਤ ਹੈ, ਜਿਸ ’ਤੇ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਸੀ.ਆਰ.ਆਰ.ਫੰਡ ਵਿਚੋਂ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ ਤਾਂ ਜੋ ਇਨਾਂ ਫੰਡਾਂ ਨੂੰ ਇਸ ਕੰਮ ਲਈ ਵਰਤਿਆ ਜਾ ਸਕੇ ਅਤੇ ਬੱਚੇ ਬਿਨਾਂ ਕਿਸੇ ਰੁਕਾਵਟ ਦੇ ਇਨਾਂ ਝੂਲਿਆਂ ਦਾ ਆਨੰਦ ਉਠਾ ਸਕਣ।
ਜੁਆਇੰਟ ਕਮਿਸ਼ਨਰ ਨਗਰ ਨਿਗਮ ਨੇ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਰਕੇ ਪਾਰਕ ਲੰਬੇ ਸਮੇਂ ਤੱਕ ਬੰਦ ਰਹੀ ਹੈ ਜਿਸ ਨੇ ਇਸ ਦੀ ਕਾਰਜ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਪਾਰਕ ਦੀ ਸਹੀ ਸਾਂਭ ਸੰਭਾਲ ਲਈ ਹੋਰ ਮਨੁੱਖੀ ਸਰੋਤਾਂ ਦੀ ਜਰੂਰਤ ਹੈ।
ਇਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਹਿਸੀਲਦਾਰ ਪੱਧਰ ਦਾ ਅਧਿਕਾਰੀ ਪਾਰਕ ਦੀ ਨਿਯਮਤ ਤੌਰ ’ਤੇ ਦੌਰਾ ਕਰਨਗੇ ਅਤੇ ਇਥੇ ਲੋਕਾਂ ਦੀ ਵੱਧ ਤੋਂ ਵੱਧ ਆਮਦ ਨੂੰ ਯਕੀਨੀ ਬਣਾਉਣ ਲਈ ਸੰਭਾਵਨਾਵਾਂ ਦੀ ਭਾਲ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਰਾਹੁਲ ਸਿੰਧੂ, ਜ਼ਿਲ੍ਹਾ ਮਾਲ ਅਫ਼ਸਰ ਜਲੰਧਰ ਜਸ਼ਨਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
————-