ਜਲੰਧਰ:ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ
ਨੂੰ ਦੇਸ਼ ਦੀ ਸੇਵਾ ਲਈ ਹਥਿਆਰਬੰਦ ਸੈਨਾਵਾਂ ਵਲੋਂ ਦੇਸ਼ ਦੀਆਂ ਸੀਮਾਵਾਂ ਦੀ ਰਾਖੀ ਲਈ
ਕੀਤੇ ਜਾ ਰਹੇ ਬਲਿਦਾਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਦੈਨਿਕ ਸਵੇਰਾ ਗਰੁੱਪ ਵਲੋਂ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ਵਿਖੇ
ਹਥਿਆਰਬੰਦ ਸੈਨਾਵਾਂ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ
ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਿਨਾਂ ਦੇ ਨਾਲ ਸੰਯੁਕਤ ਸੰਚਾਲਕ ਦੈਨਿਕ ਸਵੇਰਾ
ਗਰੁੱਪ ਸ੍ਰੀ ਅਭਿਸ਼ੇਕ ਵਿੱਜ ਵੀ ਮੌਜੂਦ ਸਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਬਹਾਦਰ
ਯੋਧਿਆਂ ਵਲੋਂ ਕੀਤੇ ਗਏ ਮਹਾਨ ਬਲਿਦਾਨ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਦੇਸ਼ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ ਉਹ ਕਿਸੇ ਕੀਮਤ ’ਤੇ ਵੀ
ਤਰੱਕੀ ਨਹੀਂ ਕਰ ਸਕਦੇ। ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਦੇਸ਼ ਵਾਸੀਆਂ ਦੀ ਨੈਤਿਕ
ਜਿੰਮੇਵਾਰੀ ਬਣਦੀ ਹੈ ਕਿ ਦੇਸ਼ ਦੇ ਇਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
ਭਾਰਤੀ ਹਥਿਆਰਬੰਦ ਸੈਨਾਵਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਦੇਸ਼ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਭਾਰਤੀ
ਫੌਜ ਵਲੋਂ ਹਮੇਸ਼ਾਂ ਹੀ ਅੱਗੇ ਹੋ ਕੇ ਦੇਸ਼ ਦੀ ਏਕਤਾ ਤੇ ਪ੍ਰਭੂਸੱਤਾ ਦੀ ਰਾਖੀ ਕਰਨ ਤੋਂ
ਇਲਾਵਾ ਦੇਸ਼ ਦੀਆਂ ਸੀਮਾਵਾਂ ਨੂੰ ਸੁਰੱਖਿਅਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਦੇਸ ਵਾਸੀ
ਆਜਾਦੀ ਦਾ ਨਿੱਘ ਇਨਾਂ ਬਹਾਦਰ ਯੋਧਿਆਂ ਦੀ ਬਦੌਲਤ ਮਾਣ ਰਹੇ ਹਨ। ਸ੍ਰੀ ਸ਼ਰਮਾ ਨੇ ਲੋਕਾਂ ਨੂੰ
ਸੱਦਾ ਦਿੱਤਾ ਕਿ ਦੇਸ਼ ਦੇ ਇਨਾਂ ਮਹਾਨ ਸ਼ਹੀਦਾਂ ਦੇ ਬਲਿਦਾਨ ਅਤੇ ਹੌਸਲੇ ਨੂੰ ਸਲਾਮ ਕਰਨ।
ਦੈਨਿਕ ਸਵੇਰਾ ਗਰੁੱਪ ਵਲੋਂ ਇਹ ਸਮਾਗਮ ਕਰਵਾਉਣ ਦੀ ਸ਼ਲਾਘਾ ਕਰਦਿਆਂ
ਡਿਪਟੀ ਕਮਿਸਨਰ ਨੇ ਕਿਹਾ ਕਿ ਦੇਸ਼ ਲਈ ਬੇਮਿਸਾਲ ਸੇਵਾਵਾਂ ਦੇਣ ਲਈ ਇਹ ਇਨਾਂ ਸ਼ਹੀਦਾਂ
ਨੂੰ ਸੱਚੀ ਸਰਧਾਂਜ਼ਲੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ
ਦੇਸ਼ ਦੀ ਏਕਤਾ ਤੇ ਪ੍ਰਭਸੱਤਾ ਦੀ ਰਾਖੀ ਕਰਨ ਵਾਲੇ ਇਨਾਂ ਸ਼ਹੀਦਾਂ ਦਾ ਮਾਨ ਸਤਿਕਾਰ ਕਰੀਏ।
ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਇਨਾਂ ਮਹਾਨ ਯੋਧਿਆਂ ਦੇ ਸਤਿਕਾਰ ਵਿੱਚ
ਅਜਿਹੇ ਸਮਾਗਮ ਕਰਵਾਉਣਾ ਸਮੇਂ ਦੀ ਲੋੜ ਹੈ।
ਇਸ ਮੌਕੇ ਜਾਇੰਟ ਡਾਇਰੈਕਟਰ ਦੈਨਿਕ ਸਵੇਰਾ ਗਰੁੱਪ ਸ੍ਰੀਮਤੀ
ਨੇਹਾ ਵਿਜ, ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ ਗਲੋਬਲ ਸਕੂਲ ਪ੍ਰਤਾਪ ਸਿੰਘ ਅਤੇ
ਪ੍ਰਿੰਸਪੀਲ ਸ੍ਰੀਮਤੀ ਮੋਨਿਕਾ ਖੰਨਾ ਅਤੇ ਹੋਰ ਵੀ ਹਾਜ਼ਰ ਸਨ।