ਜਲੰਧਰ, 19 ਜੂਨ
ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਵਿਨੀ ਮਹਾਜਨ ਦੀ ਪ੍ਰਧਾਨਗੀ ਵਿੱਚ ਸ਼ਨੀਵਾਰ ਨੂੰ ਹੋਈ ਵਰਚੁਅਲ ਸਮੀਖਿਆ ਬੈਠਕ ਵਿਚ ਹਿੱਸਾ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ 6.29 ਲੱਖ ਕੋਵਿਡ-19 ਖੁਰਾਕਾਂ ਦੇ ਕੇ ਜ਼ਿਲ੍ਹਾ ਜਲੰਧਰ ਇੰਨੀ ਵੱਡੀ ਗਿਣਤੀ ਵਿੱਚ ਟੀਕਾਕਰਨ ਹਾਸਲ ਕਰਨ ਸਦਕਾ ਸੂਬੇ ਦੇ ਚੋਟੀ ਦੇ ਜ਼ਿਲ੍ਹਿਆਂ ਵਿਚੋਂ ਇਕ ਬਣ ਗਿਆ ਹੈ।ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਲਾਭਪਾਤਰੀਆਂ ਨੂੰ ਕੋਵੈਕਸੀਨ ਅਤੇ ਕੋਵੀਸ਼ਿਲਡ ਦੋਵਾਂ ਦੀ 5,37,202 ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ, ਜਦਕਿ 91,970 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕਰ ਲਈ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਦੂਜੀ ਖੁਰਾਕ ਰਹਿੰਦੀ ਹੈ, ਉਹ ਆਪਣੀ ਦੂਜੀ ਖੁਰਾਕ ਲਈ ਆਪਣੇ ਨਜ਼ਦੀਕੀ ਟੀਕਾਕਰਨ ਕੇਂਦਰ ਵਿੱਚ ਪਹੁੰਚ ਕਰਨ ਤਾਂ ਜੋ ਉਨ੍ਹਾਂ ਦਾ ਟੀਕਾਕਰਨ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾ ਸਕੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਦਾ ਜਲਦੀ ਹੀ ਨਵਾਂ ਸਟਾਕ ਆਉਣ ਨਾਲ ਜ਼ਿਲ੍ਹੇ ਭਰ ਵਿੱਚ ਕੁੱਲ 50 ਮੋਬਾਇਲ ਟੀਕਾਕਰਨ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਐਨ.ਜੀ.ਓਜ਼, ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀਜ਼ ਅਤੇ ਲੋਕਾਂ ਨੁਮਾਇੰਦਿਆਂ ਨੂੰ ਸ਼ਾਮਲ ਕਰ ਕੇ ਆਪਣੀ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ ।ਥੋਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 18-24 ਉਮਰ ਵਰਗ ਦੇ ਟੀਕਾਕਰਨ ਵਿਚ ਸਰਵਓਚ ਤਰਜੀਹ ਸੰਭਾਵਿਤ ਸੁਪਰ ਸਪਰੈਡਰਜ਼ ਅਤੇ ਦਿਹਾੜੀਦਾਰਾਂ ਨੂੰ ਦਿੱਤੀ ਜਾਵੇਗੀ ਤਾਂ ਜੋ ਵਾਇਰਸ ਫੈਲਣ ਦੇ ਜੋਖਮ ਨੂੰ ਜਲਦੀ ਤੋਂ ਘੱਟ ਕੀਤਾ ਜਾ ਸਕੇ। ਇਸ ਸੁਪਰ ਸਪਰੈਡਰ ਸ਼੍ਰੇਣੀ ਵਿੱਚ ਉਹ ਲੋਕ ਸ਼ਾਮਲ ਹਨ, ਜੋ ਸਾਰੀਆਂ ਜ਼ਰੂਰੀ ਅਤੇ ਗੈਰ-ਜ਼ਰੂਰੀ ਸੇਵਾਵਾਂ ‘ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਸੰਪਰਕ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਜਦੋਂ ਵੀ ਤੀਜੀ ਲਹਿਰ ਆਉਂਦੀ ਹੈ, ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਏ.ਸੀ.ਐੱਸ ਡਾ. ਵਰਿੰਦਰ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਹੋਰ ਮੌਜੂਦ ਸਨ।