ਫਿਲੌਰ (ਜਲੰਧਰ), 26 ਨਵੰਬਰ
ਫਿਲੌਰ ਵਿਖੇ ਵੱਖ-ਵੱਖ ਯੋਜਨਾਵਾਂ ਅਧੀਨ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਸਬ-ਡਵੀਜ਼ਨ ਫਿਲੌਰ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਕੁਝ ਸਥਾਨਕ ਉਦਯੋਗਾਂ ਦਾ ਦੌਰਾ ਵੀ ਕੀਤਾ।
ਡਿਪਟੀ ਕਮਿਸ਼ਨਰ, ਜਿਨ੍ਹਾਂ ਫਿਲੌਰ ਵਿਖੇ 7 ਘੰਟੇ ਤੋਂ ਵੱਧ ਸਮਾਂ ਬਿਤਾਇਆ, ਨੇ ਅਰਬਨ ਇਨਵਾਇਰਮੈਂਟ ਇੰਪਰੂਵਮੈਂਟ ਪ੍ਰੋਗਰਾਮ (ਯੂਈਆਈਪੀ), ਸਮਾਰਟ ਵਿਲੇਜ ਕੰਪੇਨ (ਐਸਵੀਸੀ) ਅਤੇ ਰਾਜ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤਹਿਤ ਚੱਲ ਰਹੇ 28.59 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ।
ਉਨ੍ਹਾਂ ਅਧਿਕਾਰੀਆਂ ਨੂੰ ਫਿਲੌਰ ਦੇ ਸਰਵਪੱਖੀ ਵਿਕਾਸ ਲਈ ਇਨ੍ਹਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਕਿਉਂਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ ਸੜਕੀ ਢਾਂਚੇ ਦਾ ਵਿਕਾਸ, ਸੀਵਰੇਜ ਸਕੀਮਾਂ ਅਤੇ ਹੋਰ ਬਹੁਤ ਸਾਰੇ ਕਾਰਜ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਰਾਜ ਸਰਕਾਰ ਵੱਲੋਂ ਚਲਾਈਆਂ ਵੱਖ-ਵੱਖ ਸਕੀਮਾਂ ਦਾ ਲਾਭ ਯਕੀਨੀ ਬਣਾ ਕੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਇਸ ਸ਼ਹਿਰ ਵਿੱਚ ਵਸਦੇ ਲੋਕਾਂ ਦੀ ਜ਼ਿੰਦਗੀ ਅਤੇ ਕਿਸਮਤ ਨੂੰ ਬਦਲਣ ਵਿੱਚ ਸਹਾਈ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ. ਫਿਲੌਰ ਦੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਥੇ ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਐਸ.ਡੀ.ਐਮ. ਫਿਲੌਰ ਡਾ. ਵਿਨੀਤ ਕੁਮਾਰ ਨੂੰ ਕਿਹਾ ਕਿ ਉਹ ਹਰ ਪੈਂਡਿੰਗ ਪ੍ਰੋਜੈਕਟ ਦੀ ਰੋਜ਼ਾਨਾ ਆਧਾਰ ‘ਤੇ ਨਿਗਰਾਨੀ ਕਰਨ।
ਉਨ੍ਹਾਂ ਕਿਹਾ ਕਿ ਬੈਠਕ ਦਾ ਇੱਕੋ-ਇੱਕ ਮੰਤਵ ਕਾਰਜਾਂ ਦੀ ਰਫ਼ਤਾਰ ਨੂੰ ਗਤੀ ਦੇਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੀ ਸੇਵਾ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ।
ਡਿਪਟੀ ਕਮਿਸ਼ਨਰ ਨੇ ਮਾਡਲ ਪਿੰਡ ਸੰਘੇ ਖਾਲਸਾ ਦਾ ਦੌਰਾ ਕੀਤਾ ਅਤੇ ਪਿੰਡ ਨੂੰ ਇੱਕ ਮਾਡਲ ਪਿੰਡ ਵਿੱਚ ਤਬਦੀਲ ਕਰਨ ਲਈ ਪਿੰਡ ਦੀ ਪੰਚਾਇਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰਨਾਂ ਪੰਚਾਇਤਾਂ ਨੂੰ ਸੰਘੇ ਖਾਲਸਾ ਪਿੰਡ ਦੀ ਪੰਚਾਇਤ ਦੇ ਨਕਸ਼ੇ ਕਦਮਾਂ ‘ਤੇ ਚੱਲਣ ਲਈ ਕਿਹਾ, ਜਿਨ੍ਹਾਂ ਆਪਣੇ ਪਿੰਡ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ । ਉਨ੍ਹਾਂ ਇਸ ਮੌਕੇ ਪਿੰਡ ਸੰਘੇ ਖਾਲਸਾ ਦੀ ਪੰਚਾਇਤ ਨੂੰ ਇਕ ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਕ੍ਰਿਮਿਕਾ ਦੇ ਫੂਡ ਪ੍ਰੋਸੈਸਿੰਗ ਯੂਨਿਟ ਅਤੇ ਆਟੋਮੋਬਾਇਲ ਇੰਡਸਟਰੀ ਜੀਐਨਏ ਦਾ ਦੌਰਾ ਵੀ ਕੀਤਾ, ਜਿਥੇ ਉਸਨੇ ਦੋਵਾਂ ਉਦਯੋਗਾਂ ਨੂੰ ਸਥਾਨਕ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਕੇ ਘਰ-ਘਰ ਰੋਜ਼ਗਾਰ ਯੋਜਨਾ ਨੂੰ ਜ਼ਿਲ੍ਹੇ ਵਿੱਚ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਸਥਾਨਕ ਉਦਯੋਗਾਂ ਦਾ ਸਹਿਯੋਗ ਮੰਗਿਆ।
ਡਿਪਟੀ ਕਮਿਸ਼ਨਰ ਨੇ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਦਾ ਵੀ ਦੌਰਾ ਕੀਤਾ ਅਤੇ ਸੰਸਥਾ ਵੱਲੋਂ ਜੈਵਿਕ ਖੇਤੀ, ਡੇਅਰੀ ਪ੍ਰੋਜੈਕਟਾਂ ਸਮੇਤ ਹੋਰ ਚਲਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ।