ਜਲੰਧਰ (20-08-2021) : ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਵਲੋਂ
ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਜਿਵੇਂ ਏਕਤਾ ਨਗਰ, ਨੀਵੀਂ ਆਬਾਦੀ ਸੰਤੋਖਪੁਰਾ, ਗੁਰੂ ਅਰਜਨ ਦੇਵ ਜੀ ਨਗਰ, ਪੁਰਾਣੀ ਬਾਰਾਦਰੀ ਅਤੇ ਬੱਸ
ਸਟੈਂਡ ਜਲੰਧਰ ਆਦਿ ਖੇਤਰਾਂ ਦਾ ਦੌਰਾ ਕਰਕੇ ਜਾਂਚ ਕੀਤੀ ਗਈ। ਇਸ ਦੌਰਾਨ ਸਿਹਤ ਟੀਮਾਂ ਵਲੋਂ 187 ਘਰਾਂ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ
ਜਾਂਚ ਕੀਤੀ ਗਈ ਅਤੇ ਡੇਂਗੂ ਲਾਰਵੇ ਦੀ ਸ਼ਨਾਖਤ ਦੇ ਮੱਦੇਨਜਰ 65 ਕੂਲਰ, 294 ਨਾ ਵਰਤੋ ਯੋਗ ਵਸਤਾਂ ਅਤੇ 62 ਟਾਇਰ ਜਾਂਚੇ ਗਏ। ਇਸ
ਦੌਰਾਨ 5 ਥਾਂਵਾਂ 'ਤੇ ਮੱਛਰਾਂ ਦਾ ਲਾਰਵਾ ਵੀ ਪਾਇਆ ਗਿਆ ਜੋ ਕਿ ਟੀਮਾਂ ਵਲੋਂ ਨਸ਼ਟ ਕਰਵਾ ਦਿੱਤਾ ਗਿਆ। ਵੱਖ-ਵੱਖ ਥਾਵਾਂ 'ਤੇ ਮੱਛਰਾਂ ਦੀ
ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਸਿਹਤ ਵਿਭਾਗ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਆਪਣੇ ਘਰਾਂ, ਦੁਕਾਨਾਂ ਅਤੇ
ਦਫਤਰਾਂ ਆਦਿ ਵਿੱਚ ਮੌਜੂਦ, ਕੂਲਰ, ਗਮਲੇ, ਟੈਂਕੀਆਂ ਵਿਚੋਂ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਸੁਕਾ ਦਿੱਤਾ ਜਾਵੇ ਅਤੇ ਬਰਸਾਤ ਦਾ ਪਾਣੀ ਆਪਣੇ
ਘਰਾਂ ਦੀਆਂ ਛੱਤਾਂ ਅਤੇ ਆਲੇ-ਦੁਆਲੇ ਨਾ ਖੜਾ ਹੋਣ ਦਿੱਤਾ ਜਾਵੇ। ਇਸਦੇ ਨਾਲ ਹੀ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨਾਲ ਸਹਿਯੋਗ
ਕੀਤਾ ਜਾਵੇ ਤਾਂ ਜੋ ਡੇਂਗੂ, ਮਲੇਰੀਆ ਅਤੇ ਬਰਸਾਤ ਵਿੱਚ ਹੋਣ ਵਾਲੀਆਂ ਹੋਰ ਬੀਮਾਰੀਆਂ ਦੀ 'ਤੇ ਕਾਬੂ ਰੱਖਿਆ ਜਾ ਸਕੇ।
ਬਰਸਾਤ ਦੇ ਮੌਸਮ ਵਿਚ ਡਾਇਰੀਆ, ਹੈਜਾ ਅਤੇ ਪੇਟ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਇਨ੍ਹਾਂ ਬੀਮਾਰਿਆਂ ਤੋ ਬਚਾਓ
ਲਈ ਘਰ ਦੇ ਬਣੇ ਭੋਜਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ, ਜੰਕ ਫੂਡ ਦੇ ਸੇਵਨ ਤੋਂ ਪਰਹੇਜ ਕਰਨਾ ਚਾਹੀਦਾ ਹੈ ਅਤੇ ਪਾਣੀ ਨੂੰ ਉਬਾਲ ਕੇ
ਪੀਣਾ ਚਾਹੀਦਾ ਹੈ। ਜਿਲ੍ਹਾ ਐਂਟੀ ਲਾਰਵਾ ਟੀਮ ਜਿਸ ਵਿੱਚ ਸੁਖਵਿੰਦਰ ਸਿੰਘ, ਪਵਨ ਕੁਮਾਰ, ਅਮਰਜੀਤ ਸਿੰਘ, ਸਤਪਾਲ, ਤਿਲਕ ਰਾਜ,
ਅਮਨਪ੍ਰੀਤ ਸਿੰਘ, ਸਰਬਪ੍ਰੀਤ ਸਿੰਘ, ਰਵੀ ਕੁਮਾਰ, ਵਿਕਾਸ ਭੱਟੀ, ਡੇਵੀਡ ਮਸੀਹ, ਗੁਰਪਾਲ ਸਿੰਘ, ਦਵਿੰਦਰ ਕੁਮਾਰ ਆਦਿ ਵਲੋਂ ਲੋਕਾਂ ਨੂੰ ਡੇਂਗੂ
ਬੁਖਾਰ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਮੱਛਰ ਦਿਨ ਸਮੇਂ ਹੀ
ਕੱਟਦਾ ਹੈ। ਲੋਕਾਂ ਨੂੰ ਦੱਸਿਆ ਗਿਆ ਕਿ ਤੇਜ ਬੁਖਾਰ, ਸਿਰਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ 'ਤੇ
ਦਾਣੇ, ਅੱਖਾਂ ਦੇ ਪਿਛਲੇ ਹਿੱਸਿਆਂ &ਚ ਦਰਦ, ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਹ ਲੱਛਣ ਪਾਏ ਜਾਣ 'ਤੇ ਸਿਰਫ ਪੈਰਾਸੇਟਾਮੋਲ ਲਵੋ, ਪਾਣੀ ਜਾਂ
ਤਰਲ ਚੀਜਾਂ ਦਾ ਸੇਵਨ ਕਰੋ ਅਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।